ਬ੍ਰਿਟੇਨ (ਐਨ.ਆਰ.ਆਈ. ਮੀਡਿਆ) : ਬ੍ਰਿਟੇਨ-ਅਧਾਰਤ ਸਿੱਖ ਸੰਸਥਾਵਾਂ ਬ੍ਰਿਟੇਨ ਵਿੱਚ ਹਜ਼ਾਰਾਂ ਫਸੇ ਟਰੱਕ ਡਰਾਈਵਰਾਂ ਨੂੰ ਪਕਾਏ ਹੋਏ ਖਾਣੇ ਨਾਲ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਐਤਵਾਰ ਨੂੰ ਫਰਾਂਸ ਨੇ ਆਪਣੀ ਬ੍ਰਿਟੇਨ ਦੀ ਸਰਹੱਦ ਨੂੰ 48 ਘੰਟਿਆਂ ਲਈ ਕੋਰੋਨਾ-ਵਾਇਰਸ ਦੇ ਨਵੇਂ ਸਟ੍ਰੇਨ ਦੇ ਫੈਲਣ ਦੀ ਚਿੰਤਾ ਦੇ ਵਿਚਕਾਰ ਬੰਦ ਕਰ ਦਿੱਤਾ ਸੀ ਜਿਸ ਕਾਰਨ ਲਗਭਗ 2,850 ਤੋਂ ਬਾਅਦ ਟਰੱਕ ਕੈਂਟ ਵਿੱਚ ਫਸੇ ਹੋਏ ਸਨ।
ਉਨ੍ਹਾਂ ਦੀ ਸਹਾਇਤਾ ਲਈ, 'ਲੰਗਰ ਏਡ' ਅਤੇ 'ਖਾਲਸਾ ਏਡ' ਫਸੇ ਹੋਏ ਡਰਾਈਵਰਾਂ ਦੀ ਮਦਦ ਲਈ ਖਾਣਾ ਮੁਹੱਈਆ ਕਰਵਾ ਰਹੀ ਹੈ। ਹੋਰ ਕਈ ਸਿੱਖ ਸੰਸਥਾਵਾਂ ਉਡੀਕ ਕਰ ਰਹੇ ਡਰਾਈਵਰਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ। ਉਹ ਸਹਾਇਤਾ ਏਜੰਸੀਆਂ ਦੇ ਨਾਲ-ਨਾਲ ਡਰਾਈਵਰਾਂ ਨਾਲ ਤਾਲਮੇਲ ਕਰ ਰਹੇ ਹਨ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਨੂੰ ਪਾਣੀ, ਖਾਣਾ ਅਤੇ ਦਵਾਈ ਮਿਲਦੀ ਰਹੇ।
ਰਿਪੋਰਟ ਦੇ ਮੁਤਾਬਕ, ਪਾਣੀ ਅਤੇ ਪੈਕ ਕੀਤੇ ਖਾਣੇ ਸਮੇਤ ਜ਼ਰੂਰੀ ਸਪਲਾਈ ਨਾਲ ਭਰੇ ਦੋ ਟਰੱਕ ਡੌਵਰ ਤੋਂ ਖਾਲਸਾ ਏਡ ਦੇ ਮੈਂਬਰਾਂ ਵੱਲੋਂ ਡਰਾਈਵਰਾਂ ਦੀ ਮਦਦ ਲਈ ਕੈਂਟ ਵਿਖੇ ਭੇਜੇ ਗਏ ਸਨ। ਖਾਲਸਾ ਏਡ ਦੇ ਸੰਸਥਾਪਕ ਰਵਿੰਦਰ ਸਿੰਘ ਨੇ ਕਿਹਾ ਕਿ ਚੈਰੀਟੀਆਂ "ਸਥਾਨਕ ਸਿੱਖ ਭਾਈਚਾਰੇ ਨਾਲ ਡਰਾਈਵਰਾਂ ਲਈ 800 ਗਰਮ ਭੋਜਨ ਦੇ ਪੈਕਟ ਤਿਆਰ ਕਰਨ ਲਈ ਕੰਮ ਕਰ ਰਹੀਆਂ ਹਨ"। ਟਵਿੱਟਰ 'ਤੇ ਡਰਾਈਵਰਾਂ ਲਈ ਪ੍ਰਬੰਧਾਂ ਨਾਲ ਭਰੇ ਟਰੱਕ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।



