ਸਿਰਸਾ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਦੱਸਿਆ ਕਾਰਨ, ਕਿਹਾ- ਦਲਬਦਲੀ ਦਾ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ

by jaskamal

ਨਿਊਜ਼ ਡੈਸਕ (ਜਸਕਮਲ) : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ’ਤੇ ਗੁੰਮਰਾਹਕੁਨ ਤੇ ਬੇਬੁਨਿਆਦ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਕਾਲੀ ਦਲ ਸਿੱਖ ਮਸਲੇ ਹੱਲ ਕਰਾਉਣ ਦੇ ਸਮਰੱਥ ਨਹੀਂ ਰਿਹਾ।

ਭਾਜਪਾ 'ਚ ਸ਼ਮੂਲੀਅਤ ਨੂੰ ਜਾਇਜ਼ ਠਹਿਰਾਉਂਦਿਆਂ ਸਿਰਸਾ ਨੇ ਕਿਹਾ ਕਿ ਦਲਬਦਲੀ ਦਾ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ ਹੈ ਅਤੇ ਹੁਣ ਅਜਿਹਾ ਪਲੈਟਫਾਰਮ ਮਿਲ ਗਿਆ ਹੈ ਜਿਸ ਨਾਲ ਲੰਮੇ ਸਮੇਂ ਤੋਂ ਲਟਕ ਰਹੇ ਸਿੱਖ ਮਸਲੇ ਹੱਲ ਕਰਵਾਉਣ ਵਿਚ ਸਹਾਇਤਾ ਮਿਲੇਗੀ।

ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੇ ਧੱਕਾ ਹੀ ਕਰਨਾ ਹੁੰਦਾ ਤਾਂ ਫਿਰ ਮੈਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਹੀ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ ਆਖਦੀ ਨਾ ਕਿ ਵਿਅਕਤੀ ਤੌਰ ’ਤੇ ਸ਼ਾਮਲ ਕਰਵਾਉਂਦੀ। ਉਨ੍ਹਾਂ ਕਿਹਾ ਕਿ ਉਹ ਆਪਣੀ ਇੱਛਾ ਨਾਲ ਭਾਜਪਾ ਵਿਚ ਸ਼ਾਮਲ ਹੋਏ ਹਨ ਕਿਉਂਕਿ ਇਸ ਪਾਰਟੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਨ ਦੀ ਸਮਰੱਥਾ ਵਿਚ ਨਹੀਂ ਰਿਹਾ ਕਿਉਂਕਿ ਉਸ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ।

‘ਮੇਰਾ ਮਕਸਦ ਕੌਮ ਦੀ ਸੇਵਾ ਕਰਨਾ ਹੈ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸੇ ਕੌਮੀ ਪਾਰਟੀ ਦਾ ਮੈਂਬਰ ਹੋਵਾਂ। ਮੈਂ ਦ੍ਰਿੜ੍ਹ ਸੰਕਲਪ ਲਿਆ ਹੋਇਆ ਹੈ ਕਿ ਸਿਰਫ ਸਿੱਖ ਕੌਮ ਦੇ ਮਸਲੇ ਹੱਲ ਕਰਨ ਅਤੇ ਕੌਮ ਦੀਆਂ ਮੰਗਾਂ ਪੂਰੀ ਕਰਵਾਉਣ ’ਤੇ ਧਿਆਨ ਕੇਂਦਰਿਤ ਕਰਾਂਗਾ ਅਤੇ ਕਿਸੇ ਵੱਲੋਂ ਵੀ ਲਗਾਏ ਜਾਣ ਵਾਲੇ ਫਜ਼ੂਲ ਦੇ ਦੋਸ਼ਾਂ ਨਾਲ ਮੇਰਾ ਧਿਆਨ ਭਟਕਣ ਵਾਲਾ ਨਹੀਂ ਹੈ।’