ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਓਕਵਿਲ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਚ ਲਾੜਾ-ਲਾੜੀ ਦੇ ਕੁਰਸੀਆਂ 'ਤੇ ਬੈਠਣ ਦਾ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਜਿਸ 'ਤੇ ਪਰਵਾਰਕ ਮੈਂਬਰਾਂ ਅਤੇ ਗੁਰਦਵਾਰਾ ਕਮੇਟੀ ਨੇ ਮੁਆਫ਼ੀ ਮੰਗ ਲਈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲਾੜਾ-ਲਾੜੀ ਦੇ ਕੁਰਸੀਆਂ 'ਤੇ ਬੈਠਣ ਪਿੱਛੇ ਦਲੀਲ ਇਹ ਦਿਤੀ ਗਈ ਕਿ ਲਾੜੇ ਦੀ ਪਿੱਠ ਵਿਚ ਦਰਦ ਸੀ ਅਤੇ ਭੂੰਜੇ ਬੈਠਣਾ ਸੰਭਵ ਨਹੀਂ ਸੀ ਪਰ ਇਹ ਗੱਲਾਂ ਵੀ ਸੁਣਨ ਵਿਚ ਆ ਰਹੀਆਂ ਹਨ ਕਿ ਪਰਵਾਰਕ ਮੈਂਬਰਾਂ ਨੇ ਪਹਿਲਾਂ ਹੀ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਦੱਸ ਦਿਤਾ ਸੀ ਕਿ ਉਨਾਂ ਦਾ ਗੋਰਾ ਜਵਾਈ ਲਾਵਾਂ ਦੌਰਾਨ ਕੁਰਸੀ 'ਤੇ ਬੈਠੇਗਾ।
ਉਧਰ ਪਿੱਠ ਦਰਦ ਨੂੰ ਕੋਰਾ ਬਹਾਨਾ ਕਰਾਰ ਦਿੰਦਿਆਂ ਕੁਝ ਲੋਕਾਂ ਨੇ ਕਿਹਾ ਕਿ ਲਾਵਾਂ ਮਗਰੋਂ ਲਾੜਾ ਛਾਲਾਂ ਮਾਰ ਕੇ ਨੱਚ ਰਿਹਾ ਸੀ ਅਤੇ ਵਿਆਹ ਦੌਰਾਨ ਜਾਣ-ਬੁੱਝ ਕੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਗਈ। ਓਂਟਾਰੀਓ ਗੁਰਦਵਾਰਾ ਕਮੇਟੀ ਨੇ ਕਿਹਾ ਕਿ ਓਕਵਿਲ ਗੁਰੂ ਘਰ ਦੇ ਪ੍ਰਬੰਧਕ ਆਪਣੀ ਗਲਤੀ ਲਈ ਮੁਆਫ਼ੀ ਮੰਗ ਚੁੱਕੇ ਹਨ ਅਤੇ ਭਵਿੱਖ ਵਿਚ ਅਜਿਹੀ ਕੋਈ ਕੋਤਾਹੀ ਨਾ ਕਰਨ ਦਾ ਵਾਅਦਾ ਕੀਤਾ ਗਿਆ ਹੈ। ਗੁਰੂ ਘਰ ਵਿਚ ਲਾਵਾਂ ਪੜਨ ਵਾਲੇ ਗ੍ਰੰਥੀ ਸਿੰਘਾਂ ਨੇ ਵੀ ਆਪਣੀ ਗਲਤੀ ਲਈ ਮੁਆਫ਼ੀ ਮੰਗ ਲਈ।
ਦੱਸ ਦੇਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੁਰਸੀਆਂ ਦੇ ਬੈਠਣ ਦੀ ਵੀਡੀਉ ਬੇਹੱਦ ਵਾਇਰਲ ਹੋਈ ਅਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਨਾਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਅਜਿਹਾ ਕਰਨ ਵਾਲੇ ਰਾਗੀ ਸਿੰਘਾਂ ਅਤੇ ਗੁਰਦਾਰਾ ਸਾਹਿਬ ਦੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਰਘਬੀਰ ਸਿੰਘ ਦਾ ਕਹਿਣਾ ਸੀ ਕਿ ਅਜਿਹੀਆਂ ਹਰਕਤਾਂ ਜਾਣ-ਬੁੱਝ ਕੇ ਸਿੱਖੀ ਸਿਧਾਂਤਾਂ ਦਾ ਮਜ਼ਾਕ ਉਡਾਉਣ ਲਈ ਕੀਤੀਆਂ ਜਾਂਦੀਆਂ ਹਨ।



