ਬਕਾਇਆ ਫੀਸ ਨਾ ਚੁਕਾਉਣ ਕਾਰਨ ਈਰਾਨ ਸਮੇਤ 6 ਦੇਸ਼ ਨਹੀਂ ਕਰ ਸਕਣਗੇ ਯੂ.ਐੱਨ. ’ਚ ਵੋਟ

by vikramsehajpal

ਨਿਊਯਾਰਕ (ਦੇਵ ਇੰਦਰਜੀਤ)- ਸੰਯੁਕਤ ਰਾਸ਼ਟਰ (ਯੂ.ਐੱਨ.) ਵਿਚ ਈਰਾਨ ਸਮੇਤ 6 ਦੇਸ਼ਾਂ ਨੇ ਆਮ ਸਭਾ ਵਿਚ ਵੋਟ ਕਰਨ ਦਾ ਅਧਿਕਾਰ ਖੋਹ ਦਿੱਤਾ ਹੈ। ਉਨ੍ਹਾਂ ਨੂੰ ਬਕਾਇਆ ਫੀਸ ਨਾ ਚੁਕਾਉਣ ਕਾਰਨ ਵੋਟਿੰਗ ਦੇ ਅਧਿਕਾਰ ਤੋਂ ਵੰਚਿਤ ਕੀਤਾ ਗਿਆ ਹੈ।

ਯੂ.ਐੱਨ. ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਇਹ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਸੂਚੀ ਵਿਚ ਈਰਾਨ ਨਾਲ ਨਾਈਜਰ, ਦ ਸੈਂਟਰਲ ਅਫਰੀਕਨ ਰਿਪਬਲਿਕ, ਕਾਂਗੋ, ਬ੍ਰੇਜਾਵਿਲੇ, ਸੂਡਾਨ ਅਤੇ ਜ਼ਿੰਬਾਬਵੇ ਹਨ। ਪਰ ਇਸਦੇ ਨਾਲ ਹੀ 3 ਦੇਸ਼ ਅਜਿਹੇ ਹਨ ਜਿਨ੍ਹਾਂ ਦਾ ਬਕਾਇਆ ਭੁਗਤਾਨ ਨਾ ਹੋਣ ਦੇ ਬਾਅਦ ਵੀ ਵੋਟਿੰਗ ਅਧਿਕਾਰ ਜਾਰੀ ਰੱਖਿਆ ਗਿਆ ਹੈ। ਤਿੰਨੋਂ ਦੇਸ਼ ਕੋਮਰੋਸ, ਸਾਓ ਟੋਮ, ਸੋਮਾਲੀਆ ਨੇ ਇਹ ਦੱਸਿਆ ਕਿ ਉਹ ਭੁਗਤਾਨ ਕਰਨ ਦੀ ਸਥਿਤੀ ਵਿਚ ਨਹੀਂ ਹਨ।

ਇਸ ਸਬੰਧ ਵਿਚ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਆਮ ਸਭਾ ਦੇ ਪ੍ਰਧਾਨ ਵੋਲਕਨ ਬੋਜਕਿਰ ਨੂੰ ਪੱਤਰ ਲਿਖ ਕੇ ਜਾਣੂ ਕਰਾਇਆ ਹੈ ਕਿ ਯੂ.ਐੱਨ. ਚਾਰਟਰ ਅਨੁਸਾਰ ਕੋਈ ਦੇਸ਼ ਲਗਾਤਾਰ 2 ਸਾਲ ਤਕ ਸੰਯੁਕਤ ਰਾਸ਼ਟਰ ਦੀ ਬਕਾਇਆ ਫੀਸ ਦਾ ਭੁਗਤਾਨ ਨਹੀਂ ਕਰਦਾ ਹੈ ਤਾਂ ਉਸ ਨੂੰ ਵੋਟਿੰਗ ਦੇ ਅਧਿਕਾਰ ਤੋਂ ਵੰਚਿਤ ਕੀਤਾ ਜਾਂਦਾ ਹੈ। ਈਰਾਨ ’ਤੇ 1.20 ਕਰੋੜ ਡਾਲਰ ਫੀਸ ਬਕਾਇਆ ਹੈ। ਈਰਾਨ ਨੇ ਇਸ ਫੀਸ ਦਾ ਭੁਗਤਾਨ ਨਾ ਕੀਤੇ ਜਾਣ ਲਈ ਅਮਰੀਕਾ ਨੂੰ ਦੋਸ਼ੀ ਠਹਿਰਾਇਆ ਹੈ। ਉਸ ਨੇ ਕਿਹਾ ਹੈ ਕਿ ਅਮਰੀਕਾ ਦੀ ਪਾਬੰਦੀ ਕਾਰਨ ਅਜਿਹਾ ਹੋਇਆ ਹੈ।