ਛੇਵੇਂ ਸਥਾਨ ’ਤੇ ਰਹੀ ਕਮਲਪ੍ਰੀਤ ਕੌਰ ਡਿਸਕਸ ਥ੍ਰੋਅ ਫਾਈਨਲਸ ‘ਚ ਇਤਿਹਾਸ ਰਚਣ ਤੋਂ ਚੁਕੀ

by vikramsehajpal

ਟੋਕਯੋ (ਦੇਵ ਇੰਦਰਜੀਤ) : ਡਿਸਕਸ ਥ੍ਰੋਅ ਫਾਈਨਲ ’ਚ ਭਾਰਤ ਹੱਥ ਨਿਰਾਸ਼ਾ ਲੱਗੀ। ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਦੇ ਫਾਈਨਲ ’ਚ ਛੇਵਾਂ ਸਥਾਨ ਹਾਸਲ ਕੀਤਾ ਤੇ ਉਹ ਇਤਿਹਾਸ ਰਚਣ ਤੋਂ ਖੁੰਝ ਗਈ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕਸ ’ਚ ਡਿਸਕਸ ਥ੍ਰੋਅ ਦੇ ਫ਼ਾਈਨਲ ’ਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ । ਉਨ੍ਹਾਂ ਨੇ ਪਹਿਲੀ ਕੋਸ਼ਿਸ਼ ’ਚ 61.62 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਕਮਲਪ੍ਰੀਤ ਪਹਿਲੇ ਰਾਊਂਡ ’ਚ ਛੇਵੇਂ ਸਥਾਨ ’ਤੇ ਰਹੀ ਪਰ ਦੂਜੇ ਰਾਊਂਡ ’ਚ ਉਹ ਫਾਊਲ ਕਰ ਬੈਠੀ ਪਰ ਇਸ ਦੌਰਾਨ ਮੀਂਹ ਪੈਣ ਲੱਗਾ, ਜਿਸ ਕਾਰਨ ਕਈ ਖਿਡਾਰਨਾਂ ਪੈਰ ਫਿਸਲਣ ਕਾਰਨ ਡਿਸਕਸ ਸੁੱਟ ਨਹੀਂ ਸਕੀਆਂ ਤੇ ਉਨ੍ਹਾਂ ਦੀ ਥ੍ਰੋਅ ਅਸਫਲ ਰਹੀਆਂ।

ਮੀਂਹ ਨੂੰ ਦੇਖਦੇ ਹੋਏ ਮੁਕਾਬਲੇ ਨੂੰ ਰੋਕ ਦਿੱਤਾ ਗਿਆ।ਪ੍ਰਤੀਯੋਗਿਤਾ ਰੋਕਣ ਸਮੇਂ ਕਮਲਪ੍ਰੀਤ ਕੌਰ ਸੱਤਵੇਂ ਸਥਾਨ ’ਤੇ ਸੀ। ਮੀਂਹ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਏ ਮੁਕਾਬਲੇ ’ਚ ਤੀਜੇ ਰਾਊਂਡ ’ਚ ਕਮਲਪ੍ਰੀਤ ਨੇ 63.70 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਛੇਵੇਂ ਸਥਾਨ ’ਤੇ ਰਹੀ। ਚੌਥੇ ਰਾਊਂਡ ’ਚ ਕਮਲਪ੍ਰੀਤ ਫਾਊਲ ਕਰ ਬੈਠੀ। ਪੰਜਵੇਂ ਰਾਊਂਡ ’ਚ ਕਮਲਪ੍ਰੀਤ ਨੇ 61.37 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਛੇਵੇਂ ਸਥਾਨ ’ਤੇ ਰਹੀ।

ਪਹਿਲੇ ਸਥਾਨ ’ਤੇ ਯੂਨਾਈਟਿਡ ਸਟੇਟ ਅਮਰੀਕਾ ਦੀ ਵੀ.ਆਲਮਨ ਨੇ 68.98 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ, ਜਦਕਿ ਦੂਜੇ ਸਥਾਨ ’ਤੇ ਰਹੀ ਜਰਮਨੀ ਦੀ ਕੇ. ਪੁਡੇਨਜ਼ ਨੇ 66.86 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਤੀਜੇ ਸਥਾਨ ’ਤੇ ਰਹੀ ਕਿਊਬਾ ਦੀ ਵਾਈ. ਪੇਰੇਜ਼ ਨੇ 65.72 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ।

ਸ਼ਨੀਵਾਰ 31 ਜੁਲਾਈ ਨੂੰ ਭਾਰਤ ਦੀ ਟੋਕੀਓ ਓਲੰਪਿਕਸ ’ਚ ਮੈਡਲ ਲਈ ਇਕ ਹੋਰ ਆਸ ਬੱਝ ਗਈ ਸੀ, ਜਦੋਂ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਫ਼ਾਈਨਲ ’ਚ ਆਪਣੀ ਥਾਂ ਪੱਕੀ ਕਰ ਲਈ ਸੀ। ਪਹਿਲੀ ਵਾਰ ਓਲੰਪਿਕਸ ’ਚ ਹਿੱਸਾ ਲੈ ਰਹੀ ਕਮਲਪ੍ਰੀਤ ਕੌਰ ਨੇ ਕੁਆਲੀਫ਼ਾਇੰਗ ਰਾਊਂਡ ’ਚ ਦੂਜਾ ਸਥਾਨ ਹਾਸਲ ਕੀਤਾ ਸੀ ਪਰ ਫਾਈਨਲ ’ਚ ਹਾਰਨ ਤੋਂ ਬਾਅਦ ਭਾਰਤ ਦਾ ਇਕ ਹੋਰ ਤਮਗਾ ਜਿੱਤਣ ਦੀ ਜੋ ਉਮੀਦ ਬੱਝੀ ਸੀ, ਉਹ ਟੁੱਟ ਗਈ।