SKM ਦੀ 5 ਮੈਂਬਰੀ ਕਮੇਟੀ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਨਹੀਂ ਮਿਲਿਆ ਸੱਦਾ, ਅੱਜ ਕਿਸਾਨ ਲੈਣਗੇ ਅਹਿਮ ਫ਼ੈਸਲਾ

by jaskamal

ਨਿਊਜ਼ ਡੈਸਕ (ਜਸਕਮਲ) : ਖੇਤੀ ਕਾਨੂੰਨ ਵਾਪਸ ਲੈਣ ਪਿੱਛੋਂ ਐੱਮਐੱਸਪੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੂੰ ਸੋਮਵਾਰ ਨੂੰ ਗੱਲਬਾਤ ਦਾ ਕੋਈ ਸੱਦਾ ਨਹੀਂ ਮਿਲਿਆ। ਇਸ ਨੂੰ ਲੈ ਕੇ ਸੋਮਵਾਰ ਸ਼ਾਮ ਨੂੰ ਕਮੇਟੀ ਦੀ ਸਾਰੇ ਮੈਂਬਰਾਂ ਨੇ ਕੁੰਡਲੀ ਬੈਰੀਅਰ ’ਤੇ ਹੰਗਾਮੀ ਮੀਟਿੰਗ ਕੀਤੀ। ਇਸ ’ਚ ਮੋਰਚੇ ਦੀ ਪਹਿਲਾਂ ਤੋਂ ਗਠਿਤ 9 ਮੈਂਬਰੀ ਕੋਰ ਕਮੇਟੀ ਦੇ ਮੈਂਬਰ ਵੀ ਸ਼ਾਮਲ ਹੋਏ। ਮੀਟਿੰਗ ’ਚ ਕਮੇਟੀ ਦੀ ਮੈਂਬਰਾਂ ਨੇ ਸਰਕਾਰ ਦੇ ਰਵਈਏ ਨੂੰ ਸ਼ਰਮਨਾਕ ਦੱਸਦਿਆਂ ਸਾਫ਼ ਕਿਹਾ ਕਿ ਪ੍ਰਦਰਸ਼ਨ ਨੂੰ ਹੁਣ ਹੋਰ ਤੇਜ਼ ਕੀਤਾ ਜਾ ਸਕਦਾ ਹੈ ਤੇ ਪਹਿਲਾਂ ਨਿਰਧਾਰਤ ਦਿੱਲੀ ਕੂਚ ਦਾ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਸਬੰਧੀ ਆਖਰੀ ਫ਼ੈਸਲਾ ਮੰਗਲਵਾਰ ਨੂੰ ਹੋਣ ਵਾਲੀ ਮੋਰਚੇ ਦੀ ਮੀਟਿੰਗ ’ਚ ਲਿਆ ਜਾ ਸਕਦਾ ਹੈ।

ਪੰਜ ਮੈਂਬਰੀ ਕਮੇਟੀ ’ਚ ਸ਼ਾਮਲ ਗੁਰਨਾਮ ਸਿੰਘ ਚੜੂਨੀ, ਸ਼ਿਵ ਕੁਮਾਰ ਕੱਕਾ, ਯੁਧਵੀਰ ਸਿੰਘ ਤੇ ਅਸ਼ੋਕ ਧਵਲੇ ਨੇ ਕਿਹਾ ਕਿ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਨਾਲ ਗੱਲਬਾਤ ਲਈ ਸੰਯੁਕਤ ਕਿਸਾਨ ਮੋਰਚੇ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਦੋ ਦਿਨਾਂ ਤਕ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕੀਤਾ ਹੈ ਪਰ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੰਗਲਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ। ਇਸ ਵਿਚ ਅੰਦੋਲਨ ਨੂੰ ਲੈ ਕੇ ਤੇਜ਼ ਕਰਨ ਨਾਲ ਹੀ ਦਿੱਲੀ ਕੂਚ ਵਰਗੇ ਪਹਿਲਾਂ ਨਿਰਧਾਰਤ ਪ੍ਰੋਗਰਾਮਾਂ ’ਤੇ ਵੀ ਫ਼ੈਸਲਾ ਲਿਆ ਜਾਵੇਗਾ। ਯੁੱਧਵੀਰ ਸਿੰਘ ਨੇ ਕਿਹਾ ਕਿ ਵਾਰ-ਵਾਰ ਇਹ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਮੰਗ ਪੂਰੀ ਹੋ ਗਈ ਪਰ ਪਰ ਕਿਸਾਨ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਕੋਈ ਮੰਗ ਅਜਿਹੀ ਨਹੀਂ ਹੈ ਜੋ ਮੰਗ ਪੱਤਰ ਤੋਂ ਬਾਹਰ ਹੋਵੇ। ਬਚੇ ਹੋਏ ਵਿਸ਼ਿਆਂ ਨੂੰ ਹੀ ਸਰਕਾਰ ਸਾਹਮਣੇ ਰੱਖਿਆ ਹੈ। ਸਰਕਾਰ ਜੇ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਤਾਂ ਮੋਰਚੇ ਦੇ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਜਾਰੀ ਰਹਿਣਗੇ।