ਇਕੋ ਜਿਹੇ ਨਹੀਂ ਸਮੌਗ ਤੇ ਫੌਗ, ਜਾਣੋ ਇਨ੍ਹਾਂ ‘ਚ ਅੰਤਰ ਤੇ ਸਿਹਤ ‘ਤੇ ਮਾੜੇ ਪ੍ਰਭਾਵ

by jaskamal

ਪੱਤਰ ਪ੍ਰੇਰਕ : ਦਿੱਲੀ ਸਮੇਤ ਪੂਰਾ ਐਨਸੀਆਰ ਇਸ ਸਮੇਂ ਧੂੰਏਂ ਦੀ ਚਾਦਰ ਨਾਲ ਢਕਿਆ ਹੋਇਆ ਹੈ। ਨਵੰਬਰ ਦੀ ਸ਼ੁਰੂਆਤ ਦੇ ਨਾਲ ਹੀ ਹਲਕੀ ਠੰਡ ਵੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਵਧਦਾ ਧੂੰਆਂ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਠੰਢ ਸ਼ੁਰੂ ਹੋਣ ਦੇ ਨਾਲ ਹੀ ਸੂਬੇ ਵਿੱਚ ਪ੍ਰਦੂਸ਼ਣ ਵੀ ਵਧਣਾ ਸ਼ੁਰੂ ਹੋ ਗਿਆ ਹੈ। ਹੁਣ ਜ਼ਹਿਰੀਲੀ ਹਵਾ ਵਿੱਚ ਲੋਕਾਂ ਦਾ ਦਮ ਘੁੱਟ ਰਿਹਾ ਹੈ। ਹਾਲਾਂਕਿ ਲੋਕ ਅਜੇ ਵੀ ਇਸ ਗੱਲ ਨੂੰ ਲੈ ਕੇ ਭੰਬਲਭੂਸੇ 'ਚ ਹਨ ਕਿ ਹਵਾ 'ਚ ਫੈਲੀ ਇਹ ਚਾਦਰ ਧੁੰਦ ਹੈ ਜਾਂ ਧੂੰਆਂ। ਜੇਕਰ ਤੁਸੀਂ ਵੀ ਇਸ ਗੱਲ ਨੂੰ ਲੈ ਕੇ ਉਲਝਣ 'ਚ ਹੋ ਤਾਂ ਅੱਜ ਇਸ ਆਰਟੀਕਲ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਧੁੰਦ ਅਤੇ ਧੂੰਏਂ 'ਚ ਕੀ ਫਰਕ ਹੈ ਅਤੇ ਸਿਹਤ ਲਈ ਕੀ ਨੁਕਸਾਨਦੇਹ ਹੈ?

ਕੀ ਹੈ ਫੌਗ?
ਫੌਗ, ਜਿਸ ਨੂੰ ਪੰਜਾਬੀ ਵਿੱਚ ਧੁੰਦ ਵੀ ਕਿਹਾ ਜਾਂਦਾ ਹੈ, ਆਮ ਤੌਰ 'ਤੇ ਠੰਡੇ ਮੌਸਮ ਵਿੱਚ ਦੇਖੀ ਜਾਂਦੀ ਹੈ। ਸਰਦੀਆਂ ਵਿੱਚ ਅਕਸਰ ਅਸਮਾਨ ਵਿੱਚ ਧੁੰਦ ਛਾਈ ਰਹਿੰਦੀ ਹੈ। ਧੁੰਦ ਹਵਾ ਵਿੱਚ ਮੌਜੂਦ ਪਾਣੀ ਦੀਆਂ ਬਹੁਤ ਛੋਟੀਆਂ ਬੂੰਦਾਂ ਹੁੰਦੀਆਂ ਹਨ, ਜੋ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਅਸਮਾਨ ਵਿੱਚ ਮੌਜੂਦ ਧੁੰਦ ਕਾਰਨ ਸਰਦੀਆਂ ਵਿੱਚ ਚਾਰੇ ਪਾਸੇ ਚਿੱਟੀ ਚਾਦਰ ਵਿਛ ਜਾਂਦੀ ਹੈ, ਜਿਸ ਕਾਰਨ ਵਿਜ਼ੀਬਿਲਟੀ ਘੱਟ ਜਾਂਦੀ ਹੈ। ਹਾਲਾਂਕਿ ਇਹ ਸਿਹਤ ਲਈ ਹਾਨੀਕਾਰਕ ਨਹੀਂ ਹੈ ਅਤੇ ਨਾ ਹੀ ਇਸ ਨਾਲ ਸਾਹ ਲੈਣ 'ਚ ਕੋਈ ਦਿੱਕਤ ਆਉਂਦੀ ਹੈ ।

ਕੀ ਹੈ ਸਮੌਗ ?
ਫੌਗ ਦੇ ਉਲਟ, ਸਮੌਗ ਧੂੰਏਂ ਅਤੇ ਪ੍ਰਦੂਸ਼ਣ ਦਾ ਮਿਸ਼ਰਣ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ। ਹਵਾ ਵਿੱਚ ਸਲਫਰ ਡਾਈਆਕਸਾਈਡ (SO2) ਅਤੇ ਬੈਂਜੀਨ ਵਰਗੀਆਂ ਹਾਨੀਕਾਰਕ ਗੈਸਾਂ ਦੀ ਜ਼ਿਆਦਾ ਮਾਤਰਾ ਦੀ ਮੌਜੂਦਗੀ ਕਾਰਨ ਸਮੌਗ ਪੈਦਾ ਹੁੰਦੀ ਹੈ, ਜਿਸਦਾ ਰੰਗ ਹਲਕਾ ਸਲੇਟੀ ਦਿਖਾਈ ਦਿੰਦਾ ਹੈ। ਇਸ ਦਾ ਸਿਹਤ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਸਮੌਗ ਕਾਰਨ ਵੀ ਵਿਜ਼ੀਬਿਲਟੀ ਘੱਟ ਜਾਂਦੀ ਹੈ। WHO ਦੇ ਅਨੁਸਾਰ, ਸਮੌਗ ਅੱਖਾਂ ਦੀ ਜਲਣ, ਸਟ੍ਰੋਕ, ਦਿਲ ਦੇ ਰੋਗ, ਫੇਫੜਿਆਂ ਦੇ ਕੈਂਸਰ ਅਤੇ ਸਾਹ ਪ੍ਰਣਾਲੀ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦਾ ਹੈ।

ਸਮੌਗ ਤੋਂ ਬਚਣ ਦੇ ਤਰੀਕੇ :
ਜਦੋਂ ਪ੍ਰਦੂਸ਼ਣ ਦਾ ਪੱਧਰ ਉੱਚਾ ਹੋਵੇ ਤਾਂ ਬਾਹਰ ਕਸਰਤ ਕਰਨ ਤੋਂ ਬਚੋ। ਜਦੋਂ ਹਵਾ ਖਰਾਬ ਹੋਵੇ, ਘਰ ਦੇ ਅੰਦਰ ਕਸਰਤ ਕਰੋ।
ਆਪਣੇ ਘਰ ਵਿੱਚ ਘੱਟ ਊਰਜਾ ਦੀ ਵਰਤੋਂ ਕਰੋ। ਬਿਜਲੀ ਅਤੇ ਊਰਜਾ ਦੇ ਹੋਰ ਸਰੋਤਾਂ ਦੀ ਜ਼ਿਆਦਾ ਵਰਤੋਂ ਹਵਾ ਪ੍ਰਦੂਸ਼ਣ ਨੂੰ ਵਧਾਉਂਦੀ ਹੈ।
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਟਰਾਂਸਪੋਰਟ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਸੀਂ ਸੈਰ ਜਾਂ ਕਾਰਪੂਲ ਦੀ ਵਰਤੋਂ ਵੀ ਕਰ ਸਕਦੇ ਹੋ।

ਲੰਬੇ ਸਮੇਂ ਤੱਕ ਬਾਹਰ ਰਹਿਣ ਤੋਂ ਬਚੋ। ਘਰ ਦੇ ਅੰਦਰ ਰਹੋ, ਖਾਸ ਕਰਕੇ ਸਵੇਰ ਅਤੇ ਸ਼ਾਮ ਨੂੰ ਜਦੋਂ ਪ੍ਰਦੂਸ਼ਣ ਆਪਣੇ ਸਿਖਰ 'ਤੇ ਹੁੰਦਾ ਹੈ।
ਜੇਕਰ ਤੁਸੀਂ ਬਾਹਰ ਜਾ ਰਹੇ ਹੋ, ਤਾਂ ਹਾਨੀਕਾਰਕ ਪ੍ਰਦੂਸ਼ਕਾਂ ਨੂੰ ਫਿਲਟਰ ਕਰਨ ਵਿੱਚ ਮਦਦ ਕਰਨ ਲਈ ਉੱਚ-ਗੁਣਵੱਤਾ ਵਾਲੇ ਮਾਸਕ ਦੀ ਵਰਤੋਂ ਕਰੋ, ਜਿਵੇਂ ਕਿ N95 ਜਾਂ N99।
ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ, ਤਾਂ ਜੋ ਪ੍ਰਦੂਸ਼ਿਤ ਹਵਾ ਘਰ ਦੇ ਅੰਦਰ ਨਾ ਆਵੇ। ਘਰ 'ਚੋਂ ਪ੍ਰਦੂਸ਼ਕਾਂ ਨੂੰ ਕੱਢਣ ਲਈ ਏਅਰ ਪਿਊਰੀਫਾਇਰ ਦੀ ਵਰਤੋਂ ਵੀ ਕਰੋ।