SGPC ਦੇ Legal Notice ਤੋਂ ਬਾਅਦ ਸੋਸ਼ਲ ਮੀਡੀਆ ਨੇ ਚੁੱਕਿਆ ਵੱਡਾ ਕਦਮ, ਬੰਦ ਕੀਤਾ ਫਰਜ਼ੀ ਅਕਾਊਂਟ

by jagjeetkaur

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X/Twitter ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਸ ਤੋਂ ਬਾਅਦ ਐਕਸ/ਟਵਿੱਟਰ ਨੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਨਾਂ ‘ਤੇ ਬਣੇ ਫਰਜ਼ੀ/ਪੈਰੋਡੀ ਅਕਾਊਂਟ @SGPCAmritsar_ ਨੂੰ ਬੰਦ ਕਰ ਦਿੱਤਾ ਹੈ।

ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਉਪ ਸਕੱਤਰ ਤੇ ਬੁਲਾਰੇ ਹਰਭਜਨ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ‘ਤੇ ਬਣਾਏ ਗਏ ਇਸ ਪੈਰੋਡੀ ਅਕਾਊਂਟ ਰਾਹੀਂ ਐਕਸ/ਟਵਿਟਰ ‘ਤੇ ਸਿੱਖ ਸੰਸਥਾ ਅਤੇ ਸਿੱਖ ਕੌਮ ਵਿਰੁੱਧ ਨਫਰਤ ਫੈਲਾਈ ਜਾ ਰਹੀ ਹੈ।

ਨਾਲ ਹੀ ਉਪ ਸਕੱਤਰ ਤੇ ਬੁਲਾਰੇ ਹਰਭਜਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀਆ ਰਾਹੀਂ ਭੇਜੇ ਗਏ ਕਾਨੂੰਨੀ ਨੋਟਿਸ ਤੋਂ ਬਾਅਦ ਕੱਲ੍ਹ ਐਕਸ ਨੂੰ ਇਸ ਫਰਜ਼ੀ ਖਾਤੇ ਨੂੰ ਬੰਦ ਕਰਨ ਸਬੰਧੀ ਈਮੇਲ ਮਿਲੀ ਹੈ।

ਬੁਲਾਰੇ ਨੇ ਕਿਹਾ ਕਿ ਭਾਵੇਂ ਐਕਸ/ਟਵਿੱਟਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਂ ‘ਤੇ ਫਰਜ਼ੀ/ਪੈਰੋਡੀ ਖਾਤੇ ਨੂੰ ਬੰਦ ਕਰ ਦਿੱਤਾ ਗਿਆ ਹੈ, ਪਰ ਇਸ ਨੂੰ ਚਲਾ ਰਹੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਲਈ ਕਾਰਵਾਈ ਜਾਰੀ ਰਹੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀਆ ਅਗਲੇਰੀ ਕਾਰਵਾਈ ਕਰਨਗੇ।

ਇਸ ਨੋਟਿਸ ਤੋਂ ਪਹਿਲਾਂ ਵੀ ਐਸਜੀਪੀਸੀ ਨੂੰ ਪੱਤਰ ਲਿਖ ਕੇ ਮਾਮਲਾ ਉਠਾਇਆ ਸੀ ਅਤੇ ਐਸਜੀਪੀਸੀ ਦੇ ਕਾਨੂੰਨੀ ਸਲਾਹਕਾਰ ਨੇ ਐਕਸ ਨੂੰ ਨੋਟਿਸ ਭੇਜਿਆ ਸੀ। ਨੋਟਿਸ ਭੇਜਣ ਤੋਂ ਪੰਜ ਦਿਨ ਬਾਅਦ ਹੀ ਖਾਤਾ ਬੰਦ ਕਰਨ ਦੀ ਈਮੇਲ ਪ੍ਰਾਪਤ ਹੋਈ।