ਬੀਜਿੰਗ (ਨੇਹਾ): ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਚਾਰ ਰੋਜ਼ਾ ਦੌਰੇ ’ਤੇ ਅੱਜ ਚੀਨ ਪਹੁੰਚ ਗਏ ਹਨ। ਜੂਨ ਵਿੱਚ ਅਹੁਦਾ ਸੰਭਾਲਣ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਚੀਨ ਯਾਤਰਾ ਹੈ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਤਾਇਵਾਨ ਮੁੱਦੇ ਨੂੰ ਲੈ ਕੇ ਚੀਨ ਅਤੇ ਜਪਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ। ਇਸ ਦੌਰੇ ਦੌਰਾਨ ਲੀ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨਗੇ। ਇਸ ਦੌਰੇ ਦਾ ਮੁੱਖ ਮਕਸਦ ਦੁਵੱਲੇ ਸਬੰਧ ਮਜ਼ਬੂਤ ਕਰਨੇ ਅਤੇ ਕੋਰਿਆਈ ਪ੍ਰਾਇਦੀਪ ’ਚ ਸ਼ਾਂਤੀ ਬਹਾਲੀ ਦੇ ਤਰੀਕਿਆਂ ’ਤੇ ਚਰਚਾ ਕਰਨਾ ਹੈ।
ਉਨ੍ਹਾਂ ਪੇਈਚਿੰਗ ਪਹੁੰਚਣ ਤੋਂ ਪਹਿਲਾਂ ਸਿਓਲ ਵਿੱਚ ਦਿੱਤੀ ਇੰਟਰਵਿਊ ਦੌਰਾਨ ਸਪੱਸ਼ਟ ਕੀਤਾ ਕਿ ਦੱਖਣੀ ਕੋਰੀਆ ਤਾਇਵਾਨ ਮਾਮਲੇ ਵਿੱਚ ‘ਇੱਕ ਚੀਨ’ ਨੀਤੀ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਫੌਜੀ ਸਹਿਯੋਗ ਦਾ ਮਤਲਬ ਚੀਨ ਨਾਲ ਟਕਰਾਅ ਨਹੀਂ ਹੈ। ਦੱਖਣੀ ਕੋਰੀਆ ਚਾਹੁੰਦਾ ਹੈ ਕਿ ਚੀਨ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉੱਤਰੀ ਕੋਰੀਆ ਨੂੰ ਪਰਮਾਣੂ ਪ੍ਰੋਗਰਾਮ ਛੱਡਣ ਅਤੇ ਗੱਲਬਾਤ ਲਈ ਮਨਾਏ। ਉਨ੍ਹਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਭਰੋਸੇਯੋਗ ਗੁਆਂਢੀ’ ਦੱਸਿਆ।



