GNDU ਵਿਖੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ਼ਹੀਦ ਸਿੱਖਾਂ ਦਾ 350ਵਾਂ ਸ਼ਹੀਦੀ ਪੁਰਬ ਮਨਾਉਣ ਸਬੰਧੀ ਵਿਸ਼ੇਸ਼ ਕਮੇਟੀ ਦੀ ਇਕੱਤਰਤਾ
ਅੰਮ੍ਰਿਤਸਰ (ਨੇਹਾ): ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਦੀ ਛਤਰ ਛਾਇਆ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਨਾਲ ਮਨਾਉਣ ਲਈ ਤਿਆਰੀਆਂ ਜੋਰਾਂ 'ਤੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਨੇ ਇਸ ਪਵਿੱਤਰ ਮੌਕੇ ਨੂੰ ਸ਼ਰਧਾ ਨਾਲ ਮਨਾਉਣ ਲਈ ਵੱਖ ਵੱਖ ਸਿੱਖ ਵਿਦਵਾਨਾਂ ਦੀ ਸਲਾਹਕਾਰ ਕਮੇਟੀ ਬਣਾਈ ਹੈ, ਜਿਸ ਵਿੱਚ ਡਾ. ਬਲਕਾਰ ਸਿੰਘ, ਡਾ. ਕੇਹਰ ਸਿੰਘ, ਡਾ. ਸਰਬਜਿੰਦਰ ਸਿੰਘ, ਵਾਈਸ ਚਾਂਸਲਰ ਸੰਨੀ ਓਬਰਾਏ (ਵਿਵੇਕ ਸਦਨ ਯੂਨੀਵਰਸਿਟੀ, ਸ਼੍ਰੀ ਅਨੰਦਪੁਰ ਸਾਹਿਬ) ਅਤੇ ਡਾ. ਜਸਪਾਲ ਕੌਰ ਕੰਗ (ਰਿਟਾ.) ਸ਼ਾਮਲ ਹਨ। ਸਲਾਹਕਾਰ ਕਮੇਟੀ ਦੀ ਇਕੱਤਰਤਾ ਯੂਨੀਵਰਸਿਟੀ ਕੈਂਪਸ ਵਿੱਚ ਹਾਲ ਹੀ ਵਿੱਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ ਅਤੇ ਅਹਿਮ ਫੈਸਲੇ ਲਏ। ਇਨ੍ਹਾਂ ਵਿੱਚ ਯੂਨੀਵਰਸਿਟੀ ਦੇ ਵਿਭਾਗਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ (1469-1708 AD) ਤੱਕ ਦੇ ਸਿੱਖ ਇਤਿਹਾਸ 'ਤੇ ਦੋ ਕ੍ਰੈਡਿਟ ਦਾ ਲਾਜ਼ਮੀ ਕੋਰਸ ਸ਼ਾਮਲ ਕਰਨਾ, ਕੈਂਪਸ 'ਤੇ ਸਿੱਖ ਫ਼ਲਸਫ਼ੇ ਦਾ ਵੱਖਰਾ ਡਿਪਾਰਟਮੈਂਟ ਬਣਾਉਣਾ, ਸਿੱਖ ਸਟੱਡੀਜ਼ ਨਾਲ ਜੁੜੀਆਂ ਜਰਨਲਾਂ ਨੂੰ ਮੁੜ ਸ਼ੁਰੂ ਕਰਨਾ ਅਤੇ ਗੁਰੂ ਨਾਨਕ ਸਟੱਡੀਜ਼ ਡਿਪਾਰਟਮੈਂਟ ਵਿੱਚ ਸਿੱਖ ਥੀਓਲੌਜੀ ਦਾ ਸਰਟੀਫਿਕੇਟ ਕੋਰਸ ਸ਼ੁਰੂ ਕਰਨਾ ਸ਼ਾਮਲ ਹੈ।
ਇਸ ਤੋਂ ਇਲਾਵਾ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨੀ ਜੀਵਨ, ਧਾਰਮਿਕ ਸਵਤੰਤਰਤਾ ਲਈ ਯੋਗਦਾਨ ਅਤੇ ਸਿੱਖਿਆ 'ਤੇ ਕੇਂਦਰਤ ਕਰਕੇ ਦੋ ਵਿਸ਼ੇਸ਼ ਸੈਮੀਨਾਰ ਅਤੇ ਹੋਰ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ।



