ਜਨਮ ਦਿਨ ‘ਤੇ ਵਿਸ਼ੇਸ਼ : ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ

by mediateam

ਕਪੂਰਥਲਾ : ਅਠਾਰ੍ਹਵੀਂ ਸਦੀ ਵਿਚ ਬਾਬਾ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਦੀ ਭਾਰਤੀ ਸਮਾਜ ਅਤੇ ਸਭਿਆਚਾਰ ਦੀ ਰੱਖਿਆ ਲਈ ਲੜੀ ਜਦੋ-ਜਹਿਦ ਨੇ ਮੁਗਲ ਹਕੂਮਤ ਦੀ ਜਾਬਰ ਨੀਤੀ ਨੂੰ ਇਕ ਸ਼ਕਤੀਸ਼ਾਲੀ ਚੁਣੌਤੀ ਦਿੱਤੀ ਸੀ।। ਇਸ ਸੰਘਰਸ਼ ਨੇ ਅਫ਼ਗਾਨਾਂ ਦੇ ਹਮਲਿਆਂ ਦੇ ਵੀ ਮੂੰਹ ਮੋੜ ਦਿੱਤੇ ਸਨ।। ਉਸ ਦੇ ਯਤਨਾਂ ਦਾ ਹੀ ਸਿੱਟਾ ਸੀ ਕਿ ਭਾਰਤ ਦੀ ਧਰਤੀ ਉਤੇ ਮੁਗਲਾਂ ਅਤੇ ਅਫ਼ਗਾਨਾਂ ਦੀਆਂ ਸਫਾਂ ਸਮੇਟੀਆਂ ਗਈਆਂ।ਇਸ ਸੰਘਰਸ਼ ਵਿਚ ਸਿੱਖ ਮਿਸਲਾਂ ਨੇ ਇਤਿਹਾਸਕ ਰੋਲ ਅਦਾ ਕੀਤਾ ਤੇ ਵੱਖ-ਵੱਖ ਮਿਸਲਾਂ ਨੂੰ ਇਤਿਹਾਸਕ ਰੋਲ ਅਦਾ ਕਰਨ ਲਈ ਜਥੇਬੰਦ ਕਰਨ ਦਾ ਕਾਰਨਾਮਾ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਕਰ ਵਿਖਾਇਆ।। ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਬਦਰ ਸਿੰਘ ਦੇ ਘਰ ਸੰਨ 1718 ੲੀ: ਨੂੰ ਹੋਇਆ।1723 ਵਿਚ ਬਦਰ ਸਿੰਘ ਦਾ ਅਕਾਲ ਚਲਾਣਾ ਹੋ ਗਿਆ।

ਜੱਸਾ ਸਿੰਘ ਦੀ ਮਾਤਾ ਪੁੱਤਰ ਸਮੇਤ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਦਿੱਲੀ ਚਲੀ ਗਈ। ਇਸ ਤਰ੍ਹਾਂ ਜੱਸਾ ਸਿੰਘ ਨੂੰ ਮਾਤਾ ਸੁੰਦਰੀ ਜੀ ਦੀ ਛਤਰ-ਛਾਇਆ ਹੇਠ ਰਹਿਣ ਦਾ ਮੌਕਾ ਪ੍ਰਾਪਤ ਹੋਇਆ।। 1729 ਵਿਚ ਬਾਗ ਸਿੰਘ ਦਿੱਲੀ ਗਏ, ਉਹ ਮਾਤਾ ਸੁੰਦਰੀ ਜੀ ਤੋਂ ਆਗਿਆ ਲੈ ਕੇ ਭੈਣ ਤੇ ਭਾਣਜੇ ਨੂੰ ਆਪਣੇ ਨਾਲ ਲੈ ਆਏ। ਦਿੱਲੀ ਤੋਂ ਆ ਕੇ ਬਾਲਕ ਜੱਸਾ ਸਿੰਘ ਕਪੂਰ ਸਿੰਘ ਦੇ ਜੱਥੇ ਨਾਲ ਰਹਿਣ ਲੱਗ ਗਿਆ।। ਉਸ ਨੇ ਸ਼ਸਤਰ ਵਿੱਦਿਆ ਵਿਚ ਪ੍ਰਵੀਨਤਾ ਹਾਸਲ ਕੀਤੀ। ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਆਪਣਾ ਸਹਾਇਕ ਥਾਪ ਦਿੱਤਾ। ਕਈ ਜੰਗਾਂ ਵਿਚ ਕਪੂਰ ਸਿੰਘ ਦੇ ਨਾਲ ਰਹਿਣ ਕਰਕੇ ਯੁੱਧ ਵਿੱਦਿਆ ਵਿਚ ਨਿਪੁੰਨ ਹੋ ਗਿਆ ਸੀ ਅਤੇ ਉਨ੍ਹਾਂ ਦਾ ਮੈਦਾਨੇ ਜੰਗ ਵਿਚ ਕਰਤੱਵ ਦਿਖਾਉਣ ਲÂ ਦਿਲ ਖੁੱਲ੍ਹ ਗਿਆ ਸੀ।।1732 ਵਿਚ ਬਾਗ ਸਿੰਘ ਦੇ ਸ਼ਹੀਦ ਹੋ ਜਾਣ 'ਤੇ ਜੱਸਾ ਸਿੰਘ ਮਿਸਲ ਦਾ ਸਰਦਾਰ ਬਣ ਗਿਆ।

ਸਰਦਾਰ ਜੱਸਾ ਸਿੰਘ ਬੜਾ ਬਹਾਦਰ ਤੇ ਦਾਨੀ ਸੀ। ਉਹ ਅਕਲ-ਸ਼ਕਲ ਦੇ ਪੱਖੋਂ ਨਿਰਾਲਾ ਤੇ ਸਰੀਰਕ ਪੱਖੋਂ ਬਹੁਤ ਬਲਸ਼ਾਲੀ ਸੀ।। ਪੰਥ ਦੀ ਹਰ ਮੁਹਿੰਮ ਵਿਚ ਉਹ ਸ਼ਾਮਿਲ ਹੁੰਦਾ ਸੀ। ਇਸ ਕਰਕੇ ਦਿਨੋ-ਦਿਨ ਪੰਥ ਵਿਚ ਆਪ ਦਾ ਸਤਿਕਾਰ ਵਧਦਾ ਗਿਆ।। ਨਵਾਬ ਕਪੂਰ ਸਿੰਘ ਤੋਂ ਬਾਅਦ ਉਨ੍ਹਾਂ ਦਾ ਸਥਾਨ ਦੂਜੇ ਨੰਬਰ 'ਤੇ ਸਮਝਿਆ ਜਾਂਦਾ ਸੀ।। ਨਵਾਬ ਕਪੂਰ ਸਿੰਘ ਦੇ ਹੱਥੋਂ ਉਨ੍ਹਾਂ ਨੇ ਅੰਮ੍ਰਿਤ ਛਕਿਆ ਸੀ।1739 ਵਿਚ ਉਸ ਨੇ ਨਾਦਰ ਸ਼ਾਹ ਨੂੰ ਵੰਗਾਰਿਆ ਅਤੇ ਉਸ ਦੀ ਵਾਪਸ ਮੁੜਦੀ ਫੌਜ ਦੇ ਪਿਛਲੇ ਹਿੱਸੇ ਉੱਤੇ ਹਮਲਾ ਕਰਕੇ ਲੁੱਟ ਦੇ ਮਾਲ ਨੂੰ ਲੁੱਟ ਲਿਆ। ਜਸਪਤ ਰਾਏ ਦੇ ਭਰਾ ਲਖਪਤ ਰਾਏ ਨਾਲ ਕਾਹਨੂਵਾਲ ਵਿਖੇ ਲੜੀ ਗਈ ਲੜਾਈ ਵਿਚ ਉਸ ਨੇ ਮੋਹਰੀ ਰੋਲ ਅਦਾ ਕੀਤਾ। ਰਤਨ ਸਿੰਘ ਭੰਗੂ ਅਨੁਸਾਰ ਵੱਡੇ ਘਲੂਘਾਰੇ ਵਿਚ ਬਾਬਾ ਜੱਸਾ ਸਿੰਘ ਨੇ ਸੁਰੱਖਿਆ ਦੇ ਨਵੇਂ ਪੈਂਤੜੇ ਦਸ ਕੇ ਖਾਲਸੇ ਦੇ ਵੱਡੇ ਹਿੱਸੇ ਨੂੰ ਮੌਤ ਦੀ ਭੇਂਟ ਹੋਣ ਤੋਂ ਬਚਾ ਲਿਆ।

ਇਵੇਂ ਬਾਬਾ ਜੱਸਾ ਸਿੰਘ ਮਿਸਲਾਂ ਦੇ ਪਹਿਲੇ ਦੌਰ ਵਿਚ ਹੀ ਪ੍ਰਸਿੱਧ ਹੋ ਗਿਆ ਸੀ। ਨਵਾਬ ਕਪੂਰ ਸਿੰਘ ਦੀ ਫੈਜ਼ਲਪੁਰੀਆ ਮਿਸਲ ਉਸ ਦੇ ਕਾਲਵਸ ਹੋਣ ਉਪਰੰਤ ਕਮਜ਼ੋਰ ਹੋ ਗਈ। ਹੁਣ ਤਕ ਬਾਬਾ ਜੱਸਾ ਸਿੰਘ ਲੜਾਈ ਵਿਚ ਨਿਪੁੰਨ ਹੋ ਗਿਆ ਸੀ ਅਤੇ ਉਸ ਨੇ ਆਪਣੇ ਯਤਨਾਂ ਨਾਲ ਮਾਝੇ ਵਿਚ ਸਰਹਾਲੀ, ਅਲੋਕੇ, ਆਦਿ ਇਲਾਕੇ ਵਿਚ ਆਪਣੇ ਕਬਜ਼ੇ ਵਿਚ ਕਰ ਲਏ। ਕੁਝ ਚਿਰ ਮਗਰੋਂ ਉਸ ਨੇ ਫਤਿਹਾਬਾਦ, ਜਲਾਲਾਪੁਰ, ਗੋਇੰਦਵਾਲ, ਬਟਾਲਾ, ਤਰਨਤਾਰਨ ਅਤੇ ਖਡੂਰ ਸਾਹਿਬ ਤੱਕ ਦਾ ਇਲਾਕਾ ਵੀ ਮਲ ਲਿਆ।। ਉਸ ਨੇ ਬਿਆਸ ਉਲੰਘ ਕੇ ਸੁਲਤਾਨਪੁਰ ਅਤੇ ਤਲਵੰਡੀ ਵੀ ਜਿੱਤ ਲਏ।। ਹੁਣ ਉਸ ਦੀ ਮਰਜ਼ੀ ਰਾਏ ਇਬਰਾਹੀਮ ਦੇ ਇਲਾਕੇ ਕਪੂਰਥਲੇ ਨੂੰ ਆਪਣੇ ਅਧੀਨ ਕਰਨ ਦੀ ਸੀ।। ਇਸ ਇੱਛਾ ਦੀ ਪੂਰਤੀ ਲਈ ਉਸ ਨੇ ਕਈ ਲੜਾਈਆਂ ਲੜੀਆਂ ਅਤੇ ਅੰਤ ਨੂੰ ਕਪੂਰਥਲਾ ਆਪਣੇ ਅਧੀਨ ਕਰ ਲਿਆ ਜਿਹੜਾ ਮਗਰੋਂ ਉਸ ਦੀ ਰਾਜਧਾਨੀ ਬਣਿਆ।

ਫਗਵਾੜਾ ਦੇ ਜ਼ਿੰਮੀਦਾਰ, ਉੜਮੁੜ, ਯਾਹੀਆਪੁਰ ਅਤੇ ਟਾਂਡਾ ਦੇ ਅਫ਼ਗਾਨਾਂ ਨੇ ਉਸ ਦੀ ਈਨ ਮੰਨ ਲਈ ਅਤੇ ਉਹ ਨਜ਼ਰਾਨਾ ਦੇਣਾ ਮੰਨ ਗਏ। ਉਸ ਨੇ ਸਤਲੁਜ ਪਾਰ ਕਰਕੇ ਕੋਟ ਈਸਾ ਖਾਨ ਉਤੇ ਕਬਜ਼ਾ ਕਰ ਲਿਆ ਅਤੇ ਜਗਰਾਓਂ ਦੇ ਰਾਏ ਨੂੰ ਵੀ ਆਪਣੀ ਈਨ ਮੰਨਵਾ ਲਈ।। ਇਵੇਂ ਦੋਆਬਾ ਬਿਸਤ ਜਲੰਧਰ ਵਿਚ ਬਾਬਾ ਜੱਸਾ ਸਿੰਘ ਆਹੂਲਵਾਲੀਆ ਦੇ ਨਾਂ ਦਾ ਡੰਕਾ ਵਜਣ ਲੱਗਿਆ। ਉਸ ਸਮੇਂ ਕਿਸੇ ਹੋਰ ਸਰਦਾਰ ਵਿਚ ਜੱਸਾ ਸਿੰਘ ਨੂੰ ਵੰਗਾਰਨ ਦੀ ਹਿੰਮਤ ਨਹੀਂ ਸੀ। 1760 ਈ ਵਿਚ ਅਹਿਮਦ ਸ਼ਾਹ ਦੇ ਸੱਤਵੇਂ ਹਮਲੇ ਸਮੇਂ ਦੁਰਾਨੀ ਬਹੁਤ ਸਾਰੇ ਹਿੰਦੁਸਤਾਨੀ ਮਰਦ-ਔਰਤਾਂ, ਲੜਕੇ-ਲੜਕੀਆਂ ਨੂੰ ਬੰਦੀ ਬਣਾ ਕੇ ਕਾਬਲ ਲਿਜਾ ਰਹੇ ਸਨ। ਜੱਸਾ ਸਿੰਘ ਨੇ ਗੋਇੰਦਵਾਲ ਤੋਂ ਬਿਆਸਾ ਟੱਪਦੇ ਹੋਏੇ ਦੁਰਾਨੀਆਂ ਨੂੰ ਜਾ ਦਬਾਇਆ ਅਤੇ ਸਾਰੇ ਕੈਦੀ ਛੁਡਵਾ ਕੇ ਘਰ ਭਿਜਵਾ ਦਿੱਤ।1761 ਵਿਚ ਉਨ੍ਹਾਂ ਖਾਲਸਾ ਦਲ ਨਾਲ ਮਿਲ ਕੇ ਅਹਿਮਦਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਨੂੰ ਹਰਾਇਆ ਤੇ ਲਾਹੌਰ ਤੱਕ ਪਿੱਛਾ ਕੀਤਾ।

ਦੁਰਾਨੀਆਂ ਨੂੰ ਅੰਮ੍ਰਿਤਸਰ ਵਿਚੋਂ ਕੱਢ ਦਿੱਤਾ ਗਿਆ। ਸੰਨ 1762 ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਹੀੜਾ (ਕੁਪ ਰਹੀੜਾ) ਕੁਤਬਾ ਬਾਹਮਣੀਆਂ ਅਤੇ ਗਹਿਲ ਤਿੰਨ ਸਥਾਨਾਂ ਉੱਤੇ ਜੱਸਾ ਸਿੰਘ ਦੀ ਅਗਵਾਈ ਹੇਠ ਖਾਲਸਾ ਦਲ ਦੀ ਅਹਿਮਦ ਸ਼ਾਹ ਅਬਦਾਲੀ ਨਾਲ ਭਾਰੀ ਜੰਗ ਹੋਈ। ਇਸ ਵਿਚ ਲਗਭਗ 30 ਹਜ਼ਾਰ ਸਿੰਘ-ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋਏ ਸਨ। ਲੜਾਈ ਦੌਰਾਨ ਜੱਸਾ ਸਿੰਘ ਆਹਲੂਵਾਲੀਆ ਨੇ ਇਕ ਵਾਰੀ ਅਹਿਮਦ ਸ਼ਾਹ ਦੇ ਸਾਹਮਣੇ ਹੋ ਕੇ ਦੋ-ਦੋ ਹੱਥ ਕਰਨ ਲਈ ਵੰਗਾਰਿਆ ਪਰ ਅਹਿਮਦ ਸ਼ਾਹ ਦਾ ਹੌਸਲਾ ਨਾ ਪਿਆ। ਇਸ ਜੰਗ ਵਿਚ ਜੱਸਾ ਸਿੰਘ ਦੇ ਪਿੰਡੇ 'ਤੇ 64 ਜ਼ਖ਼ਮ ਲੱਗੇ ਸਨ।

ਪਰ ਜਿੱਤ ਖਾਲਸਾ ਪੰਥ ਦੀ ਹੋਈ ਅਤੇ ਜਰਵਾਣਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।। ਇਕੋ ਦਿਨ ਵਿਚ ਏਨਾ ਵੱਡਾ ਨੁਕਸਾਨ ਦੁਨੀਆ ਦੀ ਕਿਸੇ ਵੀ ਜੰਗ ਵਿਚ ਨਹੀਂ ਹੋਇਆ ਫਿਰ ਵੀ ਏਨੇ ਵੱਡੇ ਨੁਕਸਾਨ ਉਪਰੰਤ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਦਲ ਖਾਲਸਾ ਨੇ ਜਰਵਾਣਿਆਂ ਉੱਤੇ ਮੋੜਵਾਂ ਹਮਲਾ ਕਰ ਦਿੱਤਾ ਅਤੇ ਦੁਸ਼ਮਣ ਨੂੰ ਭਾਜੜਾਂ ਪਾ ਦਿੱਤੀਆਂ। ਇਹ ਮਿਸਾਲ ਦੁਨੀਆ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਆਪਣੇ-ਆਪ ਵਿਚ ਬਿਲਕੁਲ ਨਿਵੇਕਲੀ ਹੈ।। ਇਹ ਜੰਗ 5 ਫਰਵਰੀ, 1762 ਨੂੰ ਹੋਇਆ। ਇਸ ਨੂੰ ਸਿੱਖ ਇਤਿਹਾਸ ਵਿਚ ਵੱਡਾ ਘਲੂਘਾਰਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਦਲ ਖਾਲਸਾ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ 7 ਅਪ੍ਰੈਲ 1763 ਨੂੰ ਦਿੱਲੀ ਉੱਤੇ ਹਮਲਾ ਕੀਤਾ ਅਤੇ ਦਿੱਲੀ ਫ਼ਤਹਿ ਕੀਤੀ। ਜੱਸਾ ਸਿੰਘ ਸਿੱਖੀ ਆਦਰਸ਼ਾਂ ਦੀ ਪਾਲਣਾ ਕਰਨ ਵਾਲਾ ਸਹੀ ਰੂਪ ਵਿਚ ਖਾਲਸਾ ਸੀ। ਉਹ ਆਪ ਅੰਮ੍ਰਿਤ ਪ੍ਰਚਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਿਚ ਵੀ ਯਤਨਸ਼ੀਲ ਰਹਿੰਦੇ ਸਨ। ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਉਨ੍ਹਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀ। 1765 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੁਬਾਰਾ ਬਣਾਈ ਗਈ।

ਉਸ ਦਾ ਨੀਂਹ ਪੱਥਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਹੀ ਰਖਵਾਇਆ ਗਿਆ ਸੀ। ਜੱਸਾ ਸਿੰਘ ਜਿਥੇ ਇਕ ਮਹਾਨ ਯੋਧਾ ਸੀ, ਉਥੇ ਗੁਰਬਾਣੀ ਦਾ ਰਸੀਆ ਵੀ ਸੀ। ਦੇਸ਼ ਦੇ ਜ਼ਾਲਮ ਹਾਕਮਾਂ ਦੀ ਸੋਧ ਕਰਨ ਦੇ ਨਾਲ-ਨਾਲ ਜੱਸਾ ਸਿੰਘ ਨੇ ਵਿਦੇਸ਼ੀ ਹਮਲਾਵਰਾਂ ਦਾ ਵੀ ਟਾਕਰਾ ਕੀਤਾ।। ਉਸ ਨੇ ਆਪਣੇ ਜੀਵਨ ਕਾਲ ਵਿਚ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਅਤੇ ਤੈਮੂਰ ਸ਼ਾਹ ਤੇ ਜਮਾਨ ਸ਼ਾਹ ਜਿਹੇ ਜਰਵਾਣੇ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ।। ਇਸੇ ਤਰ੍ਹਾਂ ਆਪਣੇ ਦੇਸ਼ ਦੀ ਪਰਜਾ ਤੇ ਸਿੱਖ ਸਿਦਕ ਦੀ ਰਾਖੀ ਹਿਤ ਮੈਦਾਨੇ ਜੰਗ ਵਿਚ ਜੂਝਦਾ ਰਿਹਾ। ਲਗਭਗ 60 ਸਾਲ ਪੰਥ ਦੀ ਅਣਥੱਕ ਸੇਵਾ ਕਰਨ ਉਪਰੰਤ ਇਹ ਮਹਾਨ ਜਰਨੈਲ 22 ਅਕਤੂਬਰ 1783 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਿਆ।ਪੰਥ ਵੱਲੋਂ ਉਨ੍ਹਾਂ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਦਿੱਤਾ ਗਿਆ। ਜੱਸਾ ਸਿੰਘ ਨੇ ਆਪਣੇ ਨਾਂਅ ਦਾ ਸਿੱਕਾ ਵੀ ਜਾਰੀ ਕੀਤਾ।