ਜਲੰਧਰ (ਨੇਹਾ): ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਸਮਰਾਈ ’ਚ ਪੈਦਲ ਜਾ ਰਹੇ ਇਕ ਨੌਜਵਾਨ ਨੂੰ ਤੇਜ਼ ਰਫ਼ਤਾਰ ਬਾਈਕ ਚਾਲਕ ਨੇ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਪਿੰਡ ਸਮਰਾਈ ਦੇ ਰਹਿਣ ਵਾਲੇ ਤੇਜ਼ਵੀਰ ਸਿੰਘ ਦੇ ਸਿਰ ਸਮੇਤ ਸਰੀਰ ਦੇ ਕਈ ਹਿੱਸਿਆਂ ’ਚ ਸੱਟਾਂ ਲੱਗੀਆਂ ਤੇ ਟੱਕਰ ਨਾਲ ਉਸ ਦੀ ਤੁਰੰਤ ਮੌਤ ਹੋ ਗਈ। ਹਾਦਸੇ ਦੇ ਸਮੇਂ ਬਾਈਕ ਚਾਲਕ ਮੌਕੇ ’ਤੇ ਨਹੀਂ ਰੁਕਿਆ ਤੇ ਘਟਨਾਸਥਲ ਤੋਂ ਭੱਜ ਗਿਆ। ਉੱਥੇ ਮੌਜੂਦ ਲੋਕਾਂ ਨੇ ਇਸ ਬਾਰੇ ਸਦਰ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਸਦਰ ਦੇ ਜਾਂਚ ਅਧਿਕਾਰੀ ਏਐੱਸਆਈ ਸੁਖਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ, ਮ੍ਰਿਤਕ ਦੇ ਪਿਤਾ ਰਾਜ ਕੁਮਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬਾਈਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਮਿਲੀ ਸ਼ਿਕਾਇਤ ’ਚ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਸੋਮਵਾਰ ਦੀ ਸ਼ਾਮ ਨੂੰ ਉਸਦੇ ਪੈਰ ’ਚ ਸੱਟ ਲੱਗ ਗਈ ਸੀ, ਜਿਸ ਕਰਕੇ ਉਹ ਸ਼ਾਮ 6 ਵਜੇ ਦੇ ਕਰੀਬ ਸਾਮਾਨ ਖਰੀਦਣ ਲਈ ਬਜ਼ਾਰ ਗਿਆ ਸੀ। ਉਸਨੂੰ ਰਾਤ ਨੂੰ ਸੁਨੇਹਾ ਮਿਲਿਆ ਕਿ ਉਸਦੇ ਬੇਟੇ ਨੂੰ ਕਿਸੇ ਬਾਈਕ ਨੇ ਟੱਕਰ ਮਾਰੀ ਹੈ। ਉਹ ਜਦ ਮੌਕੇ ’ਤੇ ਪਹੁੰਚੇ ਤਾਂ ਬੇਟੇ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਥਾਣਾ ਸਦਰ ਨੂੰ ਇਸ ਬਾਰੇ ਸੂਚਿਤ ਕੀਤਾ। ਥਾਣਾ ਸਦਰ ਦੇ ਜਾਂਚ ਅਧਿਕਾਰੀ ਏਐੱਸਆਈ ਸੁਖਵਿੰਦਰ ਸਿੰਘ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਬਾਅਦ ਹਾਦਸੇ ਵਾਲੀ ਥਾਂ ਦੇ ਨੇੜੇ ਲਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਉਸ ਦੌਰਾਨ ਬਾਈਕ ਚਾਲਕ, ਪਿੰਡ ਸਰਹਾਲੀ ਦੇ ਨਿਰਮਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।


