ਛੇਤੀ ਬਹਾਲ ਹੋਵੇ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ : ਅਲਤਾਫ ਬੁਖਾਰੀ

by vikramsehajpal

ਜੰਮੂ-ਕਸ਼ਮੀਰ (ਦੇਵ ਇੰਦਰਜੀਤ) : ਜੰਮੂ-ਕਸ਼ਮੀਰ ਅਪਨੀ ਪਾਰਟੀ ਦੇ ਪ੍ਰਧਾਨ ਅਲਤਾਫ ਬੁਖਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਛੇਤੀ ਬਹਾਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਇੱਥੇ ਦੇ ਲੋਕਾਂ ਦੀ ਪਛਾਣ ਹੈ। ਬੁਖਾਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਛੇਤੀ ਤੋਂ ਛੇਤੀ ਵਿਧਾਨਸਭਾ ਚੋਣਾਂ ਕਰਵਾਉਣ ਦੀ ਵੀ ਵਕਾਲਤ ਕੀਤੀ।

ਸ਼੍ਰੀਨਗਰ ਵਿੱਚ ਪੱਤਰਕਾਰਾਂ ਨੂੰ ਕਿਹਾ, ਅਸੀਂ ਛੇਤੀ ਸੂਬੇ ਦਾ ਦਰਜਾ ਬਹਾਲ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਸਾਡੀ ਪਛਾਣ ਹੈ। ਹਾਲਾਂਕਿ, ਇਹ ਵੀ ਅਹਿਮ ਹੈ ਕਿ ਛੇਤੀ ਵਿਧਾਨਸਭਾ ਚੋਣਾਂ ਹੋਣੀਆਂ ਚਾਹੀਦੀਆਂ ਹਨ। ਸਿਰਫ ਇਹ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਹੈ ਕਿ ਚੋਣਾਂ ਹੋਣ ਜਾ ਰਹੀਆਂ ਹਨ। ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਲੋਕਤੰਤਰ ਉਪਲੱਬਧ ਕਰਵਾਉਣਾ ਸਾਡਾ ਫਰਜ਼ ਹੈ।

ਜੰਮੂ-ਕਸ਼ਮੀਰ ਦੀ ਮੁੱਖ ਧਾਰਾ ਦੇ 6 ਦਲਾਂ ਵਾਲੇ ਗੁਪਕਰ ਘੋਸ਼ਣਾ ਪੱਤਰ ਗਠਜੋੜ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੁਖਾਰੀ ਨੇ ਦੋਸ਼ ਲਗਾਇਆ, ਅਸੀਂ ਜਨਤਾ ਤੋਂ ਸਾਡਾ ਸਮਰਥਨ ਕਰਨ ਦੀ ਅਪੀਲ ਕਰਦੇ ਹਾਂ। ਸਾਡੀ ਪਾਰਟੀ ਈਮਾਨਦਾਰ ਹੈ। ਅਸੀਂ ਗਿਰਗਿਟ ਦੀ ਤਰ੍ਹਾਂ ਰੰਗ ਨਹੀਂ ਬਦਲਦੇ, ਜਿਸ ਤਰ੍ਹਾਂ ਪੀ.ਏ.ਜੀ.ਡੀ. ਨੇ ਜਨਤਾ ਦੇ ਸਾਹਮਣੇ ਦਿਖਾਵਾ ਕੀਤਾ ਕਿ ਉਨ੍ਹਾਂ ਨੂੰ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਅੱਜ ਉਹ ਚੀਕ ਰਹੇ ਹਨ ਕਿ ਉਹ ਚੋਣਾਂ ਲੜਨਗੇ, ਬਹੁਮਤ ਹਾਸਲ ਕਰਨਗੇ ਅਤੇ ਸਰਕਾਰ ਬਣਾਉਣਗੇ।