ਪੰਜਾਬ ਵਿੱਚ 13 ਕਾਂਗਰਸੀ ਕੌਂਸਲਰਾਂ ਖਿਲਾਫ਼ ਸਖ਼ਤ ਕਾਰਵਾਈ, ਨੋਟਿਸ ਜਾਰੀ

by nripost

ਜਲੰਧਰ (ਰਾਘਵ): ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਬਠਿੰਡਾ ਨਗਰ ਨਿਗਮ ਵਿਚ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਖ਼ਿਲਾਫ਼ ਪੇਸ਼ ਬੇਭਰੋਸਗੀ ਮਤੇ ਦੌਰਾਨ ਪਾਰਟੀ ਲਾਈਨ ਖ਼ਿਲਾਫ਼ ਜਾ ਕੇ ਵੋਟਿੰਗ ਕਰਨ ਜਾਂ ਵੋਟਿੰਗ ਤੋਂ ਦੂਰੀ ਬਣਾਉਣ ਵਾਲੇ ਕਾਂਗਰਸੀ ਕੌਂਸਲਰਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ। ਅਵਤਾਰ ਹੈਨਰੀ ਨੇ ਇਸ ਸਿਲਸਿਲੇ ਵਿਚ ਕਾਂਗਰਸ ਦੇ 13 ਕੌਂਸਲਰਾਂ ਨੂੰ ਪਾਰਟੀ ਵਿਚ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਵਿਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੌਂਸਲਰਾਂ ਨੇ ਨਾ ਸਿਰਫ਼ ਪਾਰਟੀ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ, ਸਗੋਂ ਕਾਂਗਰਸ ਦੇ ਵੱਕਾਰ ਅਤੇ ਜਥੇਬੰਦਕ ਏਕਤਾ ਨੂੰ ਵੀ ਡੂੰਘੀ ਸੱਟ ਮਾਰੀ ਹੈ।

ਵਰਣਨਯੋਗ ਹੈ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਇਸ ’ਤੇ ਹੋਈ ਵੋਟਿੰਗ ਦੌਰਾਨ ਕਾਂਗਰਸ ਦੇ ਕਈ ਕੌਂਸਲਰਾਂ ਨੇ ਨਾ ਤਾਂ ਮਤੇ ਦੇ ਪੱਖ ਵਿਚ ਵੋਟ ਪਾਈ ਜਾਂ ਫਿਰ ਵੋਟਿੰਗ ਤੋਂ ਗੈਰ-ਹਾਜ਼ਰ ਰਹਿ ਕੇ ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਰਵੱਈਆ ਅਪਣਾਇਆ। ਅਵਤਾਰ ਹੈਨਰੀ ਨੇ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਵੋਟਿੰਗ ਦੌਰਾਨ ਜਿਹੜੇ ਕਾਂਗਰਸੀ ਕੌਂਸਲਰਾਂ ਨੇ ਸਿੱਧੇ ਤੌਰ ’ਤੇ ਪਾਰਟੀ ਦੇ ਵਿਰੋਧ ਵਿਚ ਵੋਟਿੰਗ ਕੀਤੀ, ਉਨ੍ਹਾਂ ਵਿਚ ਸੁਰੇਸ਼ ਕੁਮਾਰ, ਸ਼ਾਮ ਲਾਲ ਗਰਗ, ਕਮਲਜੀਤ ਕੌਰ, ਨੇਹਾ, ਮਮਤਾ ਸੈਣੀ, ਪੁਸ਼ਪਾ ਰਾਣੀ, ਕੁਲਵਿੰਦਰ ਕੌਰ ਅਤੇ ਕਮਲੇਸ਼ ਮਹਿਰਾ ਸ਼ਾਮਲ ਹਨ। ਉਥੇ ਹੀ, ਵੋਟਿੰਗ ਤੋਂ ਜਾਣਬੁੱਝ ਕੇ ਦੂਰੀ ਬਣਾਉਣ ਵਾਲੇ ਕੌਂਸਲਰਾਂ ਵਿਚ ਬਲਰਾਜ ਸਿੰਘ ਪੱਕਾ, ਪ੍ਰਵੀਨ ਗਰਗ, ਪਵਨ ਮਨੀ, ਜਸਵੀਰ ਸਿੰਘ ਜੱਸਾ ਅਤੇ ਮਨਜੀਤ ਕੌਰ ਦੇ ਨਾਂ ਸਾਹਮਣੇ ਆਏ ਹਨ।

ਅਵਤਾਰ ਹੈਨਰੀ ਨੇ ਕਿਹਾ ਕਿ ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਇਨ੍ਹਾਂ ਕੌਂਸਲਰਾਂ ਨੇ ਪਾਰਟੀ ਦੇ ਨਿਰਦੇਸ਼ਾਂ ਦੀ ਅਣਦੇਖੀ ਕੀਤੀ ਹੈ। ਕੁਝ ਮਹੀਨੇ ਪਹਿਲਾਂ ਜਦੋਂ ਬਠਿੰਡਾ ਨਗਰ ਨਿਗਮ ਦੇ ਮੇਅਰ ਅਹੁਦੇ ਲਈ ਚੋਣ ਹੋਈ ਸੀ, ਉਦੋਂ ਵੀ ਇਨ੍ਹਾਂ ਕੌਂਸਲਰਾਂ ਨੇ ਪਾਰਟੀ ਉਮੀਦਵਾਰ ਨੂੰ ਵੋਟ ਨਹੀਂ ਪਾਈ ਸੀ, ਉਸ ਸਮੇਂ ਵੀ ਇਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਸੀ, ਜਿਸ ਦਾ ਇਨ੍ਹਾਂ ਨੇ ਜਵਾਬ ਦੇ ਕੇ ਮਾਮਲਾ ਸ਼ਾਂਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਇਕ ਵਾਰ ਫਿਰ ਇਨ੍ਹਾਂ ਪਾਰਟੀ ਖ਼ਿਲਾਫ਼ ਜਾ ਕੇ ਵੋਟਿੰਗ ਕਰ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਝੁਕਾਅ ਪਾਰਟੀ ਦੇ ਅਨੁਸ਼ਾਸਨ ਅਤੇ ਜਥੇਬੰਦੀ ਦੀ ਬਜਾਏ ਨਿੱਜੀ ਜਾਂ ਵਿਰੋਧੀ ਤਾਕਤਾਂ ਵੱਲ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਹਾਈ ਕਮਾਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅਨੁਸ਼ਾਸਨੀ ਕਮੇਟੀ ਨੇ ਸਾਰੇ 13 ਕੌਂਸਲਰਾਂ ਨੂੰ ਨੋਟਿਸ ਭੇਜ ਕੇ 3 ਦਿਨਾਂ ਅੰਦਰ ਜਵਾਬ ਮੰਗਿਆ ਹੈ। ਜੇਕਰ ਤੈਅ ਸਮਾਂਹੱਦ ਅੰਦਰ ਤਸੱਲੀਬਖਸ਼ ਜਵਾਬ ਨਾ ਮਿਲਿਆ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਹੈਨਰੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਵਿਚ ਅਨੁਸ਼ਾਸਨ ਸਭ ਤੋਂ ਉੱਪਰ ਹੈ। ਪਾਰਟੀ ਨੂੰ ਕਮਜ਼ੋਰ ਕਰਨ ਜਾਂ ਪਾਰਟੀ ਦੇ ਵੱਕਾਰ ਨੂੰ ਮਿੱਟੀ ਵਿਚ ਮਿਲਾਉਣ ਵਾਲੇ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

More News

NRI Post
..
NRI Post
..
NRI Post
..