ਬੈਂਗਲੁਰੂ (ਰਾਘਵਾ) : ਬੈਂਗਲੁਰੂ ਟਰਾਂਸਪੋਰਟ ਵਿਭਾਗ ਨੇ ਐਤਵਾਰ ਨੂੰ ਸੂਬੇ 'ਚ ਟੈਕਸ ਅਦਾ ਕੀਤੇ ਬਿਨਾਂ ਚੱਲਣ ਵਾਲੀਆਂ ਲਗਜ਼ਰੀ ਕਾਰਾਂ 'ਤੇ ਸਖਤ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਫਰਾਰੀ, ਪੋਰਸ਼, ਬੀ.ਐਮ.ਡਬਲਿਊ., ਔਡੀ, ਐਸਟਨ ਮਾਰਟਿਨ ਅਤੇ ਰੇਂਜ ਰੋਵਰ ਵਰਗੀਆਂ 30 ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ। ਇਹ ਕਾਰਵਾਈ ਟਰਾਂਸਪੋਰਟ ਵਿਭਾਗ ਦੇ ਡਿਪਟੀ ਕਮਿਸ਼ਨਰ ਸੀ ਮੱਲਿਕਾਰਜੁਨ ਦੀ ਅਗਵਾਈ ਹੇਠ ਕੀਤੀ ਗਈ।
ਇਸ ਮੁਹਿੰਮ ਦਾ ਮੁੱਖ ਉਦੇਸ਼ ਲਗਜ਼ਰੀ ਵਾਹਨਾਂ ਦੇ ਮਾਲਕਾਂ ਵਿੱਚ ਟੈਕਸ ਅਦਾ ਕਰਨ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਵਿਭਾਗ ਦਾ ਮੰਨਣਾ ਹੈ ਕਿ ਇਹ ਕਦਮ ਸੂਬੇ ਅਤੇ ਦੇਸ਼ ਦੀ ਭਲਾਈ ਲਈ ਜ਼ਰੂਰੀ ਹੈ ਕਿਉਂਕਿ ਟੈਕਸ ਅਦਾ ਕੀਤੇ ਬਿਨਾਂ ਚੱਲਣ ਵਾਲੇ ਵਾਹਨਾਂ ਕਾਰਨ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੁੰਦਾ ਹੈ। ਫਿਲਹਾਲ ਇਹ ਮੁਹਿੰਮ ਚੱਲ ਰਹੀ ਹੈ ਅਤੇ ਇਸ ਤਹਿਤ ਹੋਰ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਸੀ ਮੱਲਿਕਾਰਜੁਨ ਦੀ ਅਗਵਾਈ ਵਿੱਚ ਇਸ ਆਪਰੇਸ਼ਨ ਵਿੱਚ 41 ਅਧਿਕਾਰੀਆਂ ਦੀ ਟੀਮ ਸ਼ਾਮਲ ਸੀ। ਇਨ੍ਹਾਂ ਵਿੱਚ ਖੇਤਰੀ ਟਰਾਂਸਪੋਰਟ ਅਧਿਕਾਰੀ ਬੀ ਸ੍ਰੀਨਿਵਾਸ ਪ੍ਰਸਾਦ, ਦੀਪਕ, ਸ੍ਰੀਨਿਵਾਸੱਪਾ ਅਤੇ ਰਣਜੀਤ ਸ਼ਾਮਲ ਸਨ। ਟੀਮ ਨੇ ਕਾਰਵਾਈ ਕਰਦੇ ਹੋਏ ਬੈਂਗਲੁਰੂ 'ਚ ਬਿਨਾਂ ਟੈਕਸ ਦੇ ਚੱਲ ਰਹੀਆਂ ਕਾਰਾਂ ਨੂੰ ਜ਼ਬਤ ਕਰ ਲਿਆ।
ਇਸ ਮੁਹਿੰਮ ਦੌਰਾਨ 3 ਕਰੋੜ ਰੁਪਏ ਦੇ ਟੈਕਸ ਨੋਟਿਸ ਜਾਰੀ ਕੀਤੇ ਗਏ ਸਨ। ਬੈਂਗਲੁਰੂ ਵਿੱਚ ਹੁਣ ਟੈਕਸ ਅਦਾ ਕੀਤੇ ਬਿਨਾਂ ਲਗਜ਼ਰੀ ਗੱਡੀਆਂ ਚਲਾਉਣੀਆਂ ਮੁਸ਼ਕਲ ਹੋ ਗਈਆਂ ਹਨ। ਮੋਟਰ ਵਹੀਕਲ ਐਕਟ 1988 ਦੀ ਧਾਰਾ 47 ਦੇ ਤਹਿਤ, ਜੇਕਰ ਕਿਸੇ ਵਾਹਨ ਨੂੰ ਇੱਕ ਸਾਲ ਤੋਂ ਵੱਧ ਸਮੇਂ ਲਈ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਰੱਖਿਆ ਜਾਂਦਾ ਹੈ, ਤਾਂ ਇਸਦੇ ਮਾਲਕ ਨੂੰ ਇੱਕ ਨਵਾਂ ਰਜਿਸਟ੍ਰੇਸ਼ਨ ਚਿੰਨ੍ਹ ਪ੍ਰਾਪਤ ਕਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।



