ਸਖ਼ਤੀ : ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਦਿਖਾਉਣੀ ਪਵੇਗੀ ਕੋਰੋਨਾ ਦੀ ਨੈਗੇਟਿਵ ਰਿਪੋਰਟ !

by jaskamal

ਨਿਊਜ਼ ਡੈਸਕ (ਜਸਕਮਲ) : 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਲਾਗ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪਟਨਾ ਪ੍ਰਸ਼ਾਸਨ ਨੇ ਇਸ ਦੇ ਮੱਦੇਨਜ਼ਰ ਸਖਤ ਫੈਸਲੇ ਲਏ ਹਨ। ਪ੍ਰਕਾਸ਼ ਪੁਰਬ ਸਮਾਗਮ 'ਚ ਸ਼ਾਮਲ ਹੋਣ ਲਈ ਹੋਰਨਾਂ ਸੂਬਿਆਂ, ਇਲਾਕਿਆਂ ਤੋਂ ਵੀ ਵੱਡੀ ਗਿਣਤੀ 'ਚ ਸੰਗਤ ਪਟਨਾ ਸਾਹਿਬ ਪੁੱਜਦੀ ਹੈ।

ਹੁਣ ਅਜਿਹੇ ਸ਼ਰਧਾਲੂਆਂ ਲਈ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਲਿਆਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਜਿਹੜੇ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਨਹੀਂ ਹੋਵੇਗੀ, ਉਨ੍ਹਾਂ ਦਾ ਰੈਪਿਡ ਐਂਟੀਜੇਨ ਟੈਸਟ ਕੀਤਾ ਜਾਵੇਗਾ। ਪ੍ਰਕਾਸ਼ ਪੁਰਬ 'ਚ ਸਿਰਫ ਕੋਰੋਨਾ ਨੈਗੇਟਿਵ ਰਿਪੋਰਟ ਵਾਲੇ ਸ਼ਰਧਾਲੂਆਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਡਾ. ਚੰਦਰਸ਼ੇਖਰ ਸਿੰਘ ਤੇ ਨਵ-ਨਿਯੁਕਤ ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੁੱਜੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਉਪ ਮੰਡਲ ਖੇਤਰ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਕੋਰੋਨਾ ਦੇ ਮੱਦੇਨਜ਼ਰ ਕੁਝ ਅਹਿਮ ਫੈਸਲੇ ਲਏ।

ਇਸ ਦੌਰਾਨ ਕੋਰੋਨਾ ਦੇ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ਪ੍ਰਕਾਸ਼ ਪੁਰਬ ਨੂੰ ਨਿਯਮਾਂ ਦਾ ਪਾਲਣ ਕਰਦੇ ਹੋਏ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਪਟਨਾ ਦੇ ਡੀਐਮ ਡਾਕਟਰ ਚੰਦਰਸ਼ੇਖਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਵਿੱਚ ਹਿੱਸਾ ਲੈਣ ਲਈ ਬਾਹਰੋਂ ਆਏ ਸਾਰੇ ਸ਼ਰਧਾਲੂਆਂ ਨੂੰ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਦੇਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਵਿੱਚ ਸਿਰਫ਼ ਨੈਗੀਟਿਵ ਰਿਪੋਰਟਾਂ ਵਾਲੇ ਸ਼ਰਧਾਲੂ ਹੀ ਸ਼ਾਮਲ ਹੋਣਗੇ।

ਸ਼ਰਧਾਲੂਆਂ ਨੂੰ ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਵੇਗੀ ਜੇਕਰ ਉਹ ਟੈਸਟ 'ਚ ਨੈਗੇਟਿਵ ਪਾਏ ਜਾਂਦੇ ਹਨ। ਉਨ੍ਹਾਂ 8 ਜਨਵਰੀ ਨੂੰ ਹੋਣ ਵਾਲੇ ਮਹਾਨ ਨਗਰ ਕੀਰਤਨ ਨੂੰ ਵੀ ਛੋਟੇ ਪੱਧਰ 'ਤੇ ਕੱਢਣ ਦੀ ਗੱਲ ਦੁਹਰਾਉਂਦਿਆਂ ਇਸ ਵਿਚ ਬੱਚਿਆਂ ਦੇ ਸ਼ਾਮਲ ਹੋਣ 'ਤੇ ਪਾਬੰਦੀ ਲਗਾਉਣ ਦੀ ਗੱਲ ਵੀ ਕਹੀ।