ਸਾਲ ’ਚ ਦੋ ਵਾਰ ਇਮਤਿਹਾਨ ਦੇਣਗੇ ਹਿਮਾਚਲ ਦੇ ਵਿਦਿਆਰਥੀ

by vikramsehajpal

ਹਿਮਾਚਲ (ਦੇਵ ਇੰਦਰਜੀਤ) : ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆ ਪ੍ਰਣਾਲੀ ’ਚ ਵੱਡਾ ਬਦਲਾਅ ਕਰਦੇ ਹੋਏ ਹੁਣ 9ਵੀਂ ਤੋਂ 12ਵੀਂ ਜਮਾਤ ਤਕ ਸਾਲ ਵਿਚ ਦੋ ਵਾਰ ਇਮਤਿਹਾਨ ਲੈਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ ਇਸ ਬਾਬਤ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ। ਰਾਸ਼ਟਰੀ ਸਿੱਖਿਆ ਨੀਤੀ ਤਹਿਤ ਇਸ ਨਵੀਂ ਵਿਵਸਥਾ ਨਾਲ ਸਮੈਸਟਰ ਸਿਸਟਮ ਦੀ ਸ਼ੁਰੂਆਤ ਹੋ ਗਈ ਹੈ।

ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿਚ ਹੁਣ ਸਾਲ ਵਿਚ ਦੋ ਵਾਰ ਇਮਤਿਹਾਨ ਹੋਣਗੇ। ਇਹ ਵਿਵਸਥਾ ਮੌਜੂਦਾ ਸਿੱਖਿਅਕ ਸੈਸ਼ਨ ਤੋਂ ਹੀ ਲਾਗੂ ਹੋ ਜਾਵੇਗੀ। ਇਸ ਸਾਲ 9ਵੀਂ ਤੋਂ 12ਵੀਂ ਜਮਾਤ ਤਕ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਹੁਣ ਨਵੰਬਰ ਮਹੀਨੇ ਵਿਚ ਹੀ ਬੋਰਡ ਦੇ ਇਮਤਿਹਾਨ ਦੇਣੇ ਹੋਣਗੇ।

ਜਮਾਤਾਂ ਦੇ ਵਿਦਿਆਰਥੀਆਂ ਨੂੰ ਹੁਣ ਤੋਂ ਬੋਰਡ ਦੇ ਇਮਤਿਹਾਨ ਦੀ ਤਿਆਰੀ ਲਈ ਜੁੱਟ ਜਾਣਾ ਹੋਵੇਗਾ। ਸਕੂਲ ਸਿੱਖਿਆ ਬੋਰਡ ਦੇ ਪ੍ਰਧਾਨ ਡਾ. ਸੁਰੇਸ਼ ਸੋਨੀ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ 5+3+3+4 ਵਿਧੀ ਮੁਤਾਬਕ ਸਿੱਖਿਅਕ ਸੈਸ਼ਨ 2021-22 ਦੀ ਸੈਕੰਡਰੀ ਸਟੇਜ ਦੀ ਜਮਾਤ 9ਵੀਂ ਤੋਂ 12ਵੀਂ ਦੇ ਇਮਤਿਹਾਨ ਟਰਮ-1 ਅਤੇ ਟਰਮ-2 ਦੇ ਆਧਾਰ ’ਤੇ ਲਏ ਜਾਣਗੇ। ਇਸ ਵਿਵਸਥਾ ਤਹਿਤ ਇਮਤਿਹਾਨ ਨਵੰਬਰ 2021 ਅਤੇ ਮਾਰਚ 2022 ’ਚ ਆਯੋਜਿਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਇਹ ਇਮਤਿਹਾਨ 50:50 ਸਿਲੇਬਸ ਦੇ ਆਧਾਰ ’ਤੇ ਹੋਣਗੇ। ਸਿਲੇਬਸ ਵਿਚ ਸਿੱਖਿਅਕ ਸੈਸ਼ਨ 2020-21 ਮੁਤਾਬਕ 30 ਫ਼ੀਸਦੀ ਦੀ ਕਟੌਤੀ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੋਰਡ ਨੇ ਇਹ ਫ਼ੈਸਲਾ ਸਕੂਲ ਬੈਗ ਪਾਲਿਸੀ-2020 ਤਹਿਤ ਲਿਆ ਹੈ, ਜਿਸ ਦਾ ਉਦੇਸ਼ ਬਸਤੇ ਦਾ ਵਜ਼ਨ ਘੱਟ ਕਰਨਾ ਸੀ।