ਸੁਖਜਿੰਦਰ ਸਿੰਘ ਰੰਧਾਵਾ ਦਾ ਨਵਜੋਤ ਸਿੰਘ ਸਿੱਧੂ ਦੀ ਰਾਜਪਾਲ ਨਾਲ ਮੁਲਾਕਾਤ ‘ਤੇ ਵੱਡਾ ਬਿਆਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਲਈ ਇਕੱਲੇ ਨਹੀਂ ਜਾਣਾ ਚਾਹੀਦਾ ਸੀ। ਰੰਧਾਵਾ ਨੇ ਕਿਹਾ ਕਿ ਸਿੱਧੂ ਆਪਣੇ ਨਾਲ ਉਸ ਵਿਅਕਤੀ ਨੂੰ ਲੈ ਗਏ ਜਿਸ ਨੂੰ ਕਾਂਗਰਸ ਨੇ ਹੁਣੇ ਜਿਹੇ ਪਾਰਟੀ ’ਚੋਂ ਕੱਢਿਆ ਸੀ।

ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਸਿੱਧੂ ਨੇ ਰਾਜਾ ਵੜਿੰਗ ਦੀ ਤਾਜਪੋਸ਼ੀ 'ਚ ਸ਼ਾਮਲ ਹੋਣ ਬਾਰੇ ਆਪਣੇ ਕੋਈ ਵਿਚਾਰ ਪ੍ਰਗਟ ਨਹੀਂ ਕੀਤੇ ਤਾਂ ਰੰਧਾਵਾ ਨੇ ਕਿਹਾ ਕਿ ਸਿੱਧੂ ਸਾਬਕਾ ਪ੍ਰਧਾਨ ਹਨ ਤੇ ਉਨ੍ਹਾਂ ਨੂੰ ਆਪ ਆ ਕੇ ਰਾਜਾ ਵੜਿੰਗ ਨੂੰ ਚਾਰਜ ਸੌਂਪਣਾ ਚਾਹੀਦਾ ਹੈ।

ਸੁਨੀਲ ਜਾਖੜ ਨੂੰ ਪਾਰਟੀ ਵੱਲੋਂ ਦਿੱਤੇ ਗਏ ਨੋਟਿਸ ਅਤੇ ਉਸ ਦਾ ਜਵਾਬ ਜਾਖੜ ਵੱਲੋਂ ਨਾ ਦਿੱਤੇ ਜਾਣ ’ਤੇ ਰੰਧਾਵਾ ਨੇ ਕਿਹਾ ਕਿ ਇਹ ਮਾਮਲਾ ਹਾਈਕਮਾਨ ਖੁਦ ਵੇਖ ਰਿਹਾ ਹੈ। 'ਆਪ' ਦੀ ਸਰਕਾਰ ਬਾਰੇ ਰੰਧਾਵਾ ਨੇ ਕਿਹਾ ਕਿ ਸਾਨੂੰ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਕੁਝ ਸਮਾਂ ਦੇਣਾ ਚਾਹੀਦਾ ਹੈ।