ਸੁਲਤਾਨਪੁਰ ਲੋਧੀ ਤੋਂ ਅੰਤਰਰਾਸ਼ਟਰੀ ਕਬੱਡੀ ਟੁਰਨਾਮੈਂਟ ਦਾ ਹੋਇਆ ਸ਼ਾਨਦਾਰ ਆਗਾਜ਼

by mediateam

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਤੋਂ ਸ਼ਾਨਦਾਰ ਆਗਾਜ਼ ਹੋ ਗਿਆ।  ਇਸ ਮੈਗਾ ਟੂਰਨਾਮੈਂਟ ਦਾ ਸ਼ੁੱਭ ਆਰੰਭ ਪੰਜਾਬ ਦੇ ਖੇਡ ਅਡੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ। ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ ਵਿਚ ਖੇਡ ਮੰਤਰੀ ਵੱਲੋਂ ਟੂਰਨਾਮੈਂਟ ਵਿਚ ਸ਼ਿਰਕਤ ਕਰ ਰਹੀਆਂ 8 ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਟੀਮਾਂ ਦੇ ਕਪਤਾਨਾਂ ਨਾਲ ਜਾਣ-ਪਛਾਣ ਵੀ ਕੀਤੀ। 

ਇਸ ਮੌਕੇ ਆਪਣੇ ਸੰਬੋਧਨ ਵਿਚ ਉਨਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਆਪਣੀਆਂ ਰਵਾਇਤੀ ਅਤੇ ਵਿਰਾਸਤੀ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨਾਂ ਕਿਹਾ ਕਿ ਕਬੱਡੀ ਪੰਜਾਬ ਦੀ ਮਾਂ ਖੇਡ ਹੈ ਅਤੇ ਸੂਬਾ ਸਰਕਾਰ ਅਜਿਹੇ ਟੂਰਨਾਮੈਂਟਾਂ ਰਾਹੀਂ ਇਸ ਨੂੰ ਪ੍ਰਫੁਲਿੱਤ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਉਨਾਂ ਕਿਹਾ ਕਿ ਅਸੀਂ ਵਡਭਾਗੇ ਹਾਂ, ਜਿਨਾਂ ਨੂੰ ਆਪਣੇ ਜੀਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੱਤਾ।

ਉਨਾਂ ਦੱਸਿਆ ਕਿ ਚਿਰਾਂ ਤੋਂ ਉਡੀਕੇ ਜਾ ਰਹੇ 10 ਦਸੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੈਚ ਖੇਡੇ ਜਾਣਗੇ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਵਿਸ਼ਾਲ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜਿਨਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ੍ਰੀ ਲੰਕਾ, ਨਿੳੂਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ, ਪੂਲ ‘ਏ’ ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ੍ਰੀ ਲੰਕਾ ਹਨ ਜਦਕਿ ਪੂਲ ‘ਬੀ’ ਵਿਚ ਕੈਨੇਡਾ, ਅਮਰੀਕਾ, ਨਿੳੂਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ। 

ਇਨਾਂ ਟੀਮਾਂ ਵਿਚ 144 ਖਿਡਾਰੀ ਅਤੇ ਆਫੀਸ਼ੀਅਲ ਸ਼ਾਮਿਲ ਹਨ, ਜਿਨਾਂ ਦੇ ਮੈਚ ਸੁਲਤਾਨਪੁਰ ਲੋਧੀ ਤੋਂ ਇਲਾਵਾ ਅੰਮਿ੍ਰਤਸਰ, ਫ਼ਿਰੋਜ਼ਪੁਰ, ਬਠਿੰਡਾ, ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ ਜਦਕਿ ਫਾਈਨਲ ਮੈਚ 10 ਦਸੰਬਰ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਹੋਵੇਗਾ। ਉਨਾਂ ਦੱਸਿਆ ਕਿ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 25 ਲੱਖ, ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 15 ਲੱਖ ਰੁਪਏ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਦਾ ਪਵਿੱਤਰ ਨਗਰੀ ਪਹੁੰਚਣ ’ਤੇ ਸਵਾਗਤ ਕੀਤਾ। ਉਨਾਂ ਇਸ ਮੈਗਾ ਟੂਰਨਾਮੈਂਟ ਦਾ ਆਗਾਜ਼ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨਾਂ ਦੀ ੳੂਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਬੇਹੱਦ ਸਹਾਈ ਸਿੱਧ ਹੋਵੇਗਾ।

ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਕੰਠ ਕਲੇਰ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਵੀ ਪਈਆਂ। ਟੀਮਾਂ ਦਾ ਸ਼ਾਨਦਾਰ ਮਾਰਚ ਪਾਸਟ ਹੋਇਆ ਅਤੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। 

ਇਸ ਮੌਕੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ, ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ, ਡਾਇਰੈਕਟਰ ਖੇਡਾਂ ਸ੍ਰੀ ਸੰਜੇ ਪੋਪਲੀ, ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਚੇਅਰਮੈਨ ਪਨਸਪ ਸ੍ਰੀ ਤਜਿੰਦਰ ਸਿੰਘ ਬਿੱਟੂ, ਚੇਅਰਮੈਨ ਪੰਜਾਬ ਯੁਵਕ ਵਿਕਾਸ ਬੋਰਡ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਤੇ ਮੈਂਬਰ ਡਾ. ਆਂਚਲ ਅਰੋੜਾ, ਐਸ. ਡੀ. ਐਮ ਡਾ. ਚਾਰੂਮਿਤਾ, ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸ੍ਰੀ ਲਤੀਫ ਅਹਿਮਦ ਤੇ ਸ. ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਸ਼ਿਖਾ ਭਗਤ, ਡਿਪਟੀ ਡਾਇਰੈਕਟਰ ਖੇਡਾਂ ਸ੍ਰੀ ਕਰਤਾਰ ਸਿੰਘ, ਡਾਇਰੈਕਟਰ ਟੂਰਨਾਮੈਂਟ ਸ. ਤਜਿੰਦਰ ਸਿੰਘ ਮਿੱਡੂ ਖੇੜਾ, ਡੀ. ਸੀ. ਐਫ. ਏ ਸ੍ਰੀ ਪਵਨ ਕਪੂਰ, ਸ. ਸੁਖਰਾਜ ਸਿੰਘ ਰਾਜਨ ਸਿੱਧੂ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਜ਼ਿਲਾ ਖੇਡ ਅਫ਼ਸਰ ਸ੍ਰੀ ਪਰਦੀਪ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ, ਪਿ੍ਰੰਸੀਪਲ ਐਸ. ਐਸ. ਰੰਧਾਵਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਐਵਾਰਡੀਜ਼ ਅਤੇ ਕਬੱਡੀ ਨਾਲ ਜੁੜੀਆਂ ਸ਼ਖਸੀਅਤਾਂ ਹਾਜ਼ਰ ਸਨ। ਮੰਚ ਦਾ ਸੰਚਾਲਨ ਡੀ. ਪੀ. ਆਰ. ਓ ਸ. ਇਸ਼ਵਿੰਦਰ ਸਿੰਘ ਗਰੇਵਾਲ ਅਤੇ ਮੈਡਮ ਬਲਜੀਤ ਕੌਰ ਦਿਓਲ ਨੇ ਬਾਖੂਬੀ ਕੀਤਾ।