ਸਿਹਤਮੰਦ ਤੇ ਗਤੀਸ਼ੀਲ ਜੀਵਨਸ਼ੈਲੀ ਲਈ ਸਮਰ ਕੈਂਪ ਬੇਹੱਦ ਮਹੱਤਵਪੂਰਨ

by

ਕਪੂਰਥਲਾ : ਸਰਕਾਰੀ ਹਾਈ ਸਕੂਲ ਮਨਸੂਰਵਾਲ ਦੋਨਾ ਵਿਖੇ ਪ੍ਰਿੰਸੀਪਲ ਊਸ਼ਾ ਸ਼ਰਮਾ ਦੀ ਅਗਵਾਈ ਹੇਠ 15 ਰੋਜ਼ਾ ਸਮਰ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਟ੍ਰੇਨਰਾਂ ਵੱਲੋਂ 104 ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨਾਂ ਵਿਚ 'ਬਰੇਨ ਜਿੰਮ' ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਇਲਾਵਾ ਪੇਂਟਿੰਗ, ਡਾਂਸ, ਸਪੀਡਬਾਲ, ਵੂਸ਼ੂ, ਮੈਡੀਟੇਸ਼ਨ, ਕੈਲੀਗ੍ਰਾਫੀ, ਡਰਾਮਾ ਅਤੇ ਸਪੀਕਿੰਗ ਆਦਿ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਉਨਾਂ ਦੇ ਸਰਬਪੱਖੀ ਵਿਕਾਸ ਦੇ ਉਪਰਾਲੇ ਕੀਤੇ ਗਏ। 

ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ੍ਰੀਮਤੀ ਸਪਨਾ ਗੁਪਤਾ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨਾਂ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਸ਼ਰਮਾ ਅਤੇ ਅਧਿਆਪਕਾ ਸ੍ਰੀਮਤੀ ਸੁਨੀਤਾ ਸਿੰਘ ਵੱਲੋਂ ਇਸ ਕੈਂਪ ਦੀ ਕਾਮਯਾਬੀ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸ੍ਰੀ ਸੁਰਿੰਦਰ ਸਿੰਘ ਅਤੇ ਸ੍ਰੀ ਵਿਨੋਦ ਸ਼ਰਮਾ ਨੇ ਵੀ ਕੈਂਪ ਵਿਚ ਵਿਖਾਈ ਰੁਚੀ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਨਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ। 

ਕੈਂਪ ਦੀ ਇੰਚਾਰਜ ਅਧਿਆਪਕਾ ਸ੍ਰੀਮਤੀ ਸੁਨੀਤਾ ਸਿੰਘ ਨੇ ਇਸ ਮੌਕੇ ਕਿਹਾ ਕਿ ਸਮਰ ਕੈਂਪ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੀਆਂ ਹਨ। ਇਸ ਤੋਂ ਇਲਾਵਾ ਇਹ ਉਨਾਂ ਦੀ ਸਮਾਰਟ ਫੋਨਾਂ ਨਾਲ ਚਿੰਬੜੇ ਰਹਿਣ ਦੀ ਲਤ ਨੂੰ ਦੂਰ ਕਰਕੇ ਸਿਹਤਮੰਦ ਤੇ ਗਤੀਸ਼ੀਲ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ।