ਸੱਟ ਤੋਂ ਪਰੇਸ਼ਾਨ ਹਾਕੀ ਖਿਡਾਰੀ ਸੁਨੀਤਾ ਨੇ ਲਿਆ ਸੰਨਿਆਸ

by

ਮੀਡੀਆ ਡੈਸਕ: ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਸੁਨੀਤਾ ਲਾਕੜਾ ਨੇ ਵੀਰਵਾਰ ਨੂੰ ਗੋਡੇ ਦੀ ਸੱਟ ਕਾਰਨ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਦਾ ਐਲਾਨ ਕੀਤਾ। ਉਹ 2018 ਦੇ ਏਸ਼ੀਅਨ ਗੇਮਜ਼ ਵਿਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੱਟ ਕਾਰਨ ਦੁਬਾਰਾ ਗੋਡੇ ਦੀ ਸਰਜਰੀ ਕਰਵਾਉਣੀ ਪਈ। ਇਸ ਤਰ੍ਹਾਂ 28 ਸਾਲ ਦੀ ਖਿਡਾਰੀ ਦਾ ਟੋਕੀਓ ਓਲੰਪਿਕ ਲਈ ਭਾਰਤੀ ਟੀਮ ਵਿਚ ਥਾਂ ਬਣਾਉਣ ਦਾ ਸੁਪਨਾ ਟੁੱਟ ਗਿਆ।


ਹਾਕੀ ਇੰਡੀਆ ਨੂੰ ਦਿੱਤੇ ਬਿਆਨ ਵਿਚ ਸੁਨੀਤਾ ਨੇ ਕਿਹਾ ਕਿ ਮੇਰੇ ਲਈ ਬਹੁਤ ਭਾਵੁਕ ਦਿਨ ਹਨ ਕਿਉਂਕਿ ਮੈਂ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਸੁਨੀਤਾ ਨੇ 2008 ਤੋਂ ਟੀਮ ਨਾਲ ਜੁੜਨ ਤੋਂ ਬਾਅਦ 2018 ਦੀ ਏਸ਼ੀਆਈ ਚੈਂਪੀਅਨਜ਼ ਟ੍ਰਾਫੀ ਦੌਰਾਨ ਭਾਰਤ ਦੀ ਕਪਤਾਨੀ ਕੀਤੀ, ਜਿਸ ਵਿਚ ਟੀਮ ਦੂਜੇ ਸਥਾਨ 'ਤੇ ਰਹੀ ਸੀ। ਉਨ੍ਹਾਂ ਨੇ ਭਾਰਤ ਲਈ 139 ਮੈਚ ਖੇਡੇ ਅਤੇ ਉਹ 2014 ਦੇ ਏਸ਼ੀਅਨ ਗੇਮਜ਼ ਦੀ ਕਾਂਸੇ ਦਾ ਮੈਡਲ ਜੇਤੂ ਟੀਮ ਦਾ ਵੀ ਹਿੱਸਾ ਰਹੀ। ਉਨ੍ਹਾਂ ਨੇ ਕਿਹਾ ਕਿ ਮੈਂ ਖ਼ੁਸ਼ਕਿਸਮਤ ਰਹੀ ਕਿ 2016 ਵਿਚ ਰਿਓ ਓਲੰਪਿਕ ਵਿਚ ਖੇਡ ਸਕੀ, ਜਿਸ ਵਿਚ ਤਿੰਨ ਦਹਾਕੇ ਵਿਚ ਪਹਿਲੀ ਵਾਰ ਭਾਰਤੀ ਮਹਿਲਾ ਟੀਮ ਨੇ ਸ਼ਿਰਕਤ ਕੀਤੀ ਪਰ ਗੋਡੇ ਦੀ ਸੱਟ ਨੇ ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਮੇਰਾ ਸੁਪਨਾ ਤੋੜ ਦਿੱਤਾ। ਸੁਨੀਤਾ ਨੇ ਕਿਹਾ ਕਿ ਡਾਕਟਰਾਂ ਨੇ ਮੈਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਕ ਹੋਰ ਸਰਜਰੀ ਕਰਵਾਉਣੀ ਪਵੇਗੀ। ਮੈਨੂੰ ਨਹੀਂ ਪਤਾ ਕਿ ਪੂਰੀ ਤਰ੍ਹਾਂ ਉਭਰਨ ਵਿਚ ਕਿੰਨਾ ਸਮਾਂ ਲੱਗੇਗਾ।

ਉਨ੍ਹਾਂ ਨੇ ਕਿਹਾ ਕਿ ਸਰਜਰੀ ਤੋਂ ਉਭਰਨ ਤੋਂ ਬਾਅਦ ਉਹ ਘਰੇਲੂ ਹਾਕੀ ਖੇਡਣਾ ਜਾਰੀ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਮੇਰੇ ਇਲਾਜ ਤੋਂ ਬਾਅਦ ਮੈਂ ਘਰੇਲੂ ਹਾਕੀ ਖੇਡਾਂਗੀ। ਨਾਲਕੋ ਲਈ ਖੇਡਾਂਗੀ, ਜਿਨ੍ਹਾਂ ਨੇ ਨੌਕਰੀ ਦੇ ਕੇ ਮੇਰਾ ਕਰੀਅਰ ਬਣਾਇਆ। ਸੁਨੀਤਾ ਨੇ ਪਰਿਵਾਰ ਦੇ ਨਾਲ ਟੀਮ ਦੇ ਸਾਥੀਆਂ, ਹਾਕੀ ਇੰਡੀਆ ਤੇ ਮੁੱਖ ਕੋਚ ਸ਼ਾਰਡ ਮਾਰਿਨ ਦਾ ਧੰਨਵਾਦ ਕੀਤਾ। ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਸੁਨੀਤਾ ਲਾਕੜਾ ਦੀ ਕਾਫੀ ਕਮੀ ਮਹਿਸੂਸ ਹੋਵੇਗੀ। ਉਨ੍ਹਾਂ ਨੇ ਟਵੀਟ ਕੀਤਾ ਕਿ ਸੁਨੀਤਾ ਲਾਕੜਾ ਸ਼ਾਨਦਾਰ ਕਰੀਅਰ ਲਈ ਵਧਾਈ। ਮੈਦਾਨ 'ਤੇ ਅਤੇ ਡ੍ਰੇਸਿੰਗ ਰੂਮ ਵਿਚ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਵਿਚ ਅਸੀ ਤੁਹਾਡੇ ਨਾਲ ਜੋ ਸ਼ਾਨਦਾਰ ਪਲ ਸਾਂਝੇ ਕੀਤੇ ਹਨ, ਉਨ੍ਹਾਂ ਦੀ ਕਮੀ ਯਕੀਨੀ ਰੂਪ ਨਾਲ ਮਹਿਸਸੂ ਹੋਵੇਗੀ। ਛੇਤੀ ਹੀ ਤੁਹਾਡੇ ਉਭਰਨ ਦੀ ਪ੍ਰਰਾਥਨਾ ਕਰਦੀ ਹਾਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।