ਆਸਾਰਾਮ ਬਾਪੂ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇਣ ਤੋਂ ਸੁਪਰੀਮ ਕੋਰਟ ਦਾ ਇਨਕਾਰ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੁਕਰਮ ਮਾਮਲੇ ਵਿੱਚ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਨੂੰ ਸੁਪਰੀਮ ਕੋਰਟ ਵਲੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਆਸਾਰਾਮ ਬਾਪੂ ਨੂੰ ਮੈਡੀਕਲ ਆਧਾਰ 'ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਾਰਾਮ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਮੈਡੀਕਲ ਆਧਾਰ 'ਤੇ 6 ਹਫਤੇ ਦੀ ਜ਼ਮਾਨਤ ਮੰਗੀ ਸੀ।

ਆਸਾਰਾਮ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕਰਦੇ ਇਹ ਕਿਹਾ ਸੀ ਕਿ ਉਨ੍ਹਾਂ ਨੂੰ 6 ਹਫਤੇ ਦੀ ਜ਼ਮਾਨਤ ਦਿੱਤੀ ਜਾਵੇ ਜਿਸ ਨਾਲ ਉਹ ਆਯੁਰਵੇਦ ਦੇ ਸਹਾਰੇ ਆਪਣਾ ਇਲਾਜ ਕਰਵਾ ਸਕਣ। ਉਥੇ ਹੀ, ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ, ਤੁਸੀਂ ਜੋ ਕੀਤਾ ਉਹ ਸਧਾਰਣ ਦੋਸ਼ ਨਹੀਂ ਹੈ। ਤੁਸੀਂ ਜੇਲ੍ਹ ਵਿੱਚ ਰਹਿ ਕੇ ਇਲਾਜ ਕਰਵਾਓ। ਇਸ ਤੋਂ ਪਹਿਲਾਂ ਰਾਜਸ‍ਥਾਨ ਹਾਈਕੋਰਟ ਨੇ ਵੀ ਮਈ ਮਹੀਨੇ ਵਿੱਚ ਆਸਾਰਾਮ ਬਾਪੂ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ। ਆਸਾਰਾਮ ਵਲੋਂ ਸਿਹਤ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਗਈ ਸੀ।

ਆਸਾਰਾਮ ਨੂੰ 2018 ਵਿੱਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਇੱਕ ਅਦਾਲਤ ਨੇ 2013 ਵਿੱਚ ਉਨ੍ਹਾਂ ਨੂੰ ਆਪਣੇ ਆਸ਼ਰਮ ਦੀ ਕੁੜੀ ਨਾਲ ਬਲਾਤਕਾਰ ਦਾ ਦੋਸ਼ੀ ਪਾਇਆ ਸੀ। ਕੁੜੀ ਨਬਾਲਿਗ ਸੀ। ਨਾਬਾਲਿਗਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਆਸਾਰਾਮ ਨੇ ਉਸ ਨੂੰ ਜੋਧਪੁਰ ਦੇ ਕੋਲ ਮਣਾਈ ਇਲਾਕੇ ਵਿੱਚ ਆਪਣੇ ਆਸ਼ਰਮ ਵਿੱਚ ਬੁਲਾਇਆ ਸੀ ਅਤੇ 15 ਅਗਸਤ 2013 ਦੀ ਰਾਤ ਉਸ ਨਾਲ ਬਲਾਤਕਾਰ ਕੀਤਾ।