ਰਾਜਾਸਾਂਸੀ : ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 47 ਸਾਲਾ ਸੁਰਜੀਤ ਕੁਮਾਰ ਪੁੱਤਰ ਗੁਰਦਿਆਲ ਸਿੰਘ ਦੀ ਲਾਸ਼ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਹੁਸ਼ਿਆਰਪੁਰ ਸ਼ਹਿਰ ਨਾਲ ਸੰਬੰਧਿਤ ਮ੍ਰਿਤਕ ਸੁਰਜੀਤ ਕੁਮਾਰ ਅਜੇ ਫਰਵਰੀ ਮਹੀਨੇ 'ਚ ਹੀ ਆਪਣੀ ਛੁੱਟੀ ਕੱਟ ਕੇ ਵਾਪਸ ਦੁਬਈ ਗਿਆ ਸੀ ਕਿ ਅਚਾਨਕ ਬੀਤੀ 15 ਮਈ ਨੂੰ ਉਹ ਭੇਤਭਰੇ ਹਾਲਾਤ 'ਚ ਉਹ ਲਾਪਤਾ ਹੋ ਗਿਆ ਅਤੇ 21 ਮਈ ਨੂੰ ਰੇਤ ਦੇ ਟਿੱਬਿਆਂ ਤੋਂ ਉਸ ਦੀ ਲਾਸ਼ ਬਹੁਤ ਹੀ ਬੁਰੀ ਹਾਲਤ 'ਚ ਮਿਲੀ ਸੀ।ਜਦ ਭਾਰਤ ਰਹਿੰਦੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੁਰਜੀਤ ਕੁਮਾਰ ਦੇ ਨਾਲ ਕੰਮ ਕਰਦੇ ਉਸ ਦੇ ਸਾਥੀਆਂ ਤੋਂ ਉਸ ਦੀ ਮੌਤ ਦੇ ਮਿਲੇ ਸੁਨੇਹੇ ਤੋਂ ਆਪਣੇ 'ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਉਨ੍ਹਾਂ ਉਸ ਦਾ ਮ੍ਰਿਤਕ ਸਰੀਰ ਵਾਪਸ ਲਿਆਉਣ ਦੀ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਟਰੱਸਟ ਦੀ ਹੁਸ਼ਿਆਰਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਆਗਿਆਪਾਲ ਸਿੰਘ ਰਾਹੀਂ ਟਰੱਸਟ ਦੇ ਸਰਪ੍ਰਸਤ ਡਾ, ਓਬਰਾਏ ਨਾਲ ਸੰਪਰਕ ਕਰਕੇ ਸੁਰਜੀਤ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸ ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ।
ਹਵਾਈ ਅੱਡੇ ਤੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਸਿਸ਼ਪਾਲ ਸਿੰਘ ਲਾਡੀ ਨੇ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ 120 ਬਦਨਸੀਬ ਨੌਜਵਾਨ ਮੁੰਡੇ ਕੁੜੀਆਂ ਦੇ ਮ੍ਰਿਤਕ ਸਰੀਰ ਵਾਰਸਾਂ ਪਹੁੰਚਾਏ ਜਾ ਚੁੱਕੇ ਹਨ। ਸੁਰਜੀਤ ਕੁਮਾਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਭਾਰਤੀ ਦੂਤਾਵਾਸ ਤੋ- ਇਲਾਵਾ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ।ਇਸੇ ਦੌਰਾਨ ਦੁਬਈ ਤੋਂ ਆਏ ਮ੍ਰਿਤਕ ਦੇ ਦੋਸਤ ਹੁਸਨ ਲਾਲ ਤੋਂ ਇਲਾਵਾ ਭਤੀਜੇ ਆਕਾਸ਼ਦੀਪ, ਸਾਲਾ ਵਿਜੇ ਕੁਮਾਰ, ਭਰਾ ਰਵਿੰਦਰ ਸਿੰਘ ਤੇ ਦੇਵਰਾਜ ਆਦਿ ਨੇ ਆਦਿ ਨੇ ਓਬਰਾਏ ਦਾ ਧੰਨਵਾਦ ਕੀਤਾ। ਸੁਰਜੀਤ ਕੁਮਾਰ ਦੀ ਮ੍ਰਿਤਕ ਦੇਹ ਬਹੁਤ ਜਿਆਦਾ ਖਰਾਬ ਹਾਲਤ 'ਚ ਹੋਣ ਕਾਰਨ ਉਸ ਦਾ ਅੰਤਿਮ ਸੰਸਕਾਰ ਬਕਸੇ ਸਮੇਤ ਹੀ ਕੀਤਾ ਜਾਣਾ ਹੈ,ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਆਖ਼ਰੀ ਵਾਰ ਉਸ ਦਾ ਚਿਹਰਾ ਵੀ ਸ਼ਾਇਦ ਨਹੀਂ ਵੇਖ ਸਕਣਗੇ।



