ਸਰਵੇਖਣ ਤੋਂ ਹੋਇਆ ਖੁਲਾਸਾ: ਫੈਡਰਲ ਲਿਬਰਲ ਵੋਟਰਜ਼ ਦੇ ਸਮਰਥਨ ਦੇ ਮਾਮਲੇ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਤੋਂ ਅੱਗੇ

by vikramsehajpal

ਓਟਾਵਾ (ਐੱਨ.ਆਰ.ਆਈ. ਮੀਡਿਆ)- ਸੰਭਾਵੀ ਚੋਣਾਂ ਤੋਂ ਕੁੱਝ ਹਫਤੇ ਪਹਿਲਾਂ ਕਰਵਾਏ ਗਏ ਇੱਕ ਸਰਵੇਖਣ ਤੋਂ ਇਹ ਖੁਲਾਸਾ ਹੋਇਆ ਹੈ ਕਿ ਫੈਡਰਲ ਲਿਬਰਲ ਵੋਟਰਜ਼ ਦੇ ਸਮਰਥਨ ਦੇ ਮਾਮਲੇ ਵਿੱਚ ਕੈਨੇਡਾ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਤੋਂ ਅਜੇ ਵੀ ਅੱਗੇ ਚੱਲ ਰਹੇ ਹਨ।
ਲੈਗਰ ਐਂਡ ਦ ਐਸੋਸਿਏਸ਼ਨ ਫੌਰ ਕੈਨੇਡੀਅਨ ਸਟੱਡੀਜ਼ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ 29 ਫੀ ਸਦੀ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਜੇ ਅੱਜ ਚੋਣਾਂ ਕਰਵਾਈਆਂ ਜਾਣ ਤਾਂ ਉਹ ਲਿਬਰਲਾਂ ਨੂੰ ਹੀ ਵੋਟ ਕਰਨਗੇ। ਕਰੀਬ 2 ਹਫਤੇ ਪਹਿਲਾਂ ਨਾਲੋਂ ਇਹ 1 ਅੰਕ ਜਿਆਦਾ ਹਨ। ਇਸ ਮਾਮਲੇ ਵਿੱਚ 24 ਫੀਸਦੀ ਸਮਰਥਨ ਹਾਸਲ ਕਰਕੇ ਕੰਜ਼ਰਵੇਟਿਵ ਦੂਸਰੇ ਸਥਾਨ ਉੱਤੇ ਹਨ ਜਦਕਿ ਐਨਡੀਪੀ 16 ਫੀਸਦੀ ਸਮਰਥਕਾਂ ਦੇ ਸਾਥ ਨਾਲ ਤੀਜੇ ਸਥਾਨ ਉੱਤੇ ਹੈ।
ਬਲਾਕ ਕਿਊਬਿਕੁਆ ਤੇ ਗ੍ਰੀਨਜ਼ ਕ੍ਰਮਵਾਰ 7ਵੇਂ ਤੇ ਚੌਥੇ ਸਥਾਨ ਉੱਤੇ ਹਨ ਤੇ ਪੀਪਲਜ਼ ਪਾਰਟੀ ਆਫ ਕੈਨੇਡਾ 3 ਫੀਸਦੀ ਨਾਲ ਆਖਰੀ ਸਥਾਨ ਉੱਤੇ ਹੈ। ਕਈ ਮਾਹਿਰਾਂ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਇਸ ਮਹੀਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੋਣਾਂ ਦਾ ਸੱਦਾ ਦੇ ਸਕਦੇ ਹਨ। ਇਸ ਸਰਵੇਖਣ ਦੇ ਨਤੀਜੇ ਵੀ ਇਹੋ ਆਖਦੇ ਹਨ ਕਿ ਹਵਾ ਦਾ ਰੁਖ ਲਿਬਰਲਾਂ ਵੱਲ ਹੈ। ਲੈਗਰ ਦੇ ਐਗਜੈਕਟਿਵ ਤੇ ਵਾਈਸ ਪ੍ਰੈਜ਼ੀਡੈਂਟ ਕ੍ਰਿਸਚੀਅਨ ਬੌਰਕ ਦਾ ਕਹਿਣਾ ਹੈ ਕਿ ਇਸ ਨਾਲ ਟੋਰੀਜ਼ ਤੇ ਨਿਊ ਡੈਮੋਕ੍ਰੈਟਸ ਨੂੰ ਨੁਕਸਾਨ ਹੋ ਸਕਦਾ ਹੈ।