T20 WC : ਅਫ਼ਗਾਨਿਸਤਾਨ ਨੂੰ ਭਾਰਤ ਨੇ 47 ਦੌੜਾਂ ਨਾਲ ਹਰਾਇਆ

by vikramsehajpal

ਵਾਸ਼ਿੰਗਟਨ (ਰਾਘਵ) - ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ 'ਚ ਭਾਰਤ ਨੇ ਅਫ਼ਗਾਨਿਸਤਾਨ ਨੂੰ 47 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਟੂਰਨਾਮੈਂਟ ਦੇ ਦੂਜੇ ਗੇੜ 'ਚ ਜਿੱਤ ਨਾਲ ਸ਼ੁਰੂਆਤ ਹੋਈ ਹੈ, ਉੱਥੇ ਹੀ ਅਫ਼ਗਾਨਿਸਤਾਨ ਨੇ ਗਰੁੱਪ ਸਟੇਜ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਪਰ ਅਗਲੇ ਗੇੜ 'ਚ ਉਸ ਨੂੰ ਭਾਰਤ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਟੀਮ ਨੇ ਸੂਰਿਆਕੁਮਾਰ ਯਾਦਵ (53) ਦੇ ਅਰਧ ਸੈਂਕੜੇ ਤੋਂ ਬਾਅਦ ਹਾਰਦਿਕ ਪੰਡਯਾ (32) ਦੀ ਵਧੀਆ ਪਾਰੀ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਸੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਨੂੰ ਭਾਰਤੀ ਗੇਂਦਬਾਜ਼ਾਂ ਨੇ ਹੱਥ ਖੋਲ੍ਹਣ ਦਾ ਮੌਕਾ ਨਾ ਦਿੱਤਾ ਤੇ ਲਗਾਤਾਰ ਝਟਕੇ ਦਿੱਤੇ।

ਓਪਨਰ ਰਹਮਾਨੁੱਲਾ ਗੁਰਬਾਜ਼ 8 ਗੇਂਦਾਂ 'ਚ 11 ਦੌੜਾਂ ਬਣਾ ਕੇ ਜਸਪ੍ਰੀਤ ਬੁਮਰਾਹ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਹਜ਼ਰਤੁੱਲਾ ਜ਼ਜ਼ਾਈ ਵੀ 4 ਗੇਂਦਾਂ 'ਤੇ 2 ਦੌੜਾਂ ਬਣਾ ਕੇ ਬੁਮਰਾਹ ਦਾ ਦੂਜਾ ਸ਼ਿਕਾਰ ਬਣਿਆ। ਇਬਰਾਹਮ ਜ਼ਾਦਰਾਨ ਵੀ 11 ਗੇਂਦਾਂ 'ਚ 8 ਦੌੜਾਂ ਬਣਾ ਕੇ ਅਕਸ਼ਰ ਪਟੇਲ ਦੀ ਗੇਂਦ 'ਤੇ ਕਪਤਾਨ ਰੋਹਿਤ ਸ਼ਰਮਾ ਹੱਥੋਂ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਗੁਲਬਦਿਨ ਨਾਇਬ ਤੇ ਅਜ਼ਮਤੁੱਲਾ ਓਮਰਜ਼ਾਈ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਦੋਵਾਂ ਨੇ ਚੌਥੀ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਕੁਲਦੀਪ ਯਾਦਵ ਨੇ ਗੁਲਬਦਿਨ ਨਾਇਬ ਨੂੰ 17 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਕੇ ਇਹ ਸਾਂਝੇਦਾਰੀ ਤੋੜੀ। ਅਜ਼ਮਤੁੱਲਾ ਓਮਰਜ਼ਾਈ ਨੂੰ ਰਵਿੰਦਰ ਜਡੇਜਾ ਨੇ 26 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਭੇਜਿਆ। ਨਜੀਬੁੱਲਾ ਜ਼ਾਦਰਾਨ ਨੇ 17 ਗੇਂਦਾਂ 'ਚ 19 ਦੌੜਾਂ ਦਾ ਯੋਗਦਾਨ ਦਿੱਤਾ, ਜਦਕਿ ਮੁਹੰਮਦ ਨਬੀ ਨੇ 14 ਗੇਂਦਾਂ 'ਚ 14 ਦੌੜਾਂ ਬਣਾਈਆਂ।

ਦਸਣਯੋਗ ਹੈ ਕਿ ਇਸ ਤੋਂ ਬਾਅਦ ਰਾਸ਼ਿਦ ਖ਼ਾਨ (2) ਤੇ ਨਵੀਨ ਉਲ ਹੱਕ ਇਕ ਤੋਂ ਬਾਅਦ ਇਕ ਅਰਸ਼ਦੀਪ ਸਿੰਘ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਅਫ਼ਾਨਿਸਤਾਨ ਦੀ ਪੂਰੀ ਟੀਮ 20 ਓਵਰਾਂ 'ਚ ਆਲ ਆਊਟ ਹੋ ਗਈ ਤੇ 134 ਦੌੜਾਂ ਹੀ ਬਣਾ ਸਕੀ ਤੇ ਇਹ ਮੁਕਾਬਲਾ 47 ਦੌੜਾਂ ਨਾਲ ਹਾਰ ਗਈ। ਭਾਰਤ ਵੱਲੋਂ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ ਨੇ 3-3 ਅਫ਼ਗਾਨੀ ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਦਕਿ ਕੁਲਦੀਪ ਯਾਦਵ ਨੇ 2, ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਨੇ 1-1 ਬੱਲੇਬਾਜ਼ ਨੂੰ ਪੈਵੇਲੀਅਨ ਭੇਜਿਆ।