ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹੈ ਵਿਸਾਖੀ ਦਾ ਦਿਹਾੜਾ

by jaskamal

ਨਿਊਜ਼ ਡੈਸਕ : 13 ਅਪ੍ਰੈਲ ਨੂੰ ਖ਼ਾਲਸਾ ਪੰਥ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਰੰਗ-ਬਿਰੰਗੀ ਰੌਸ਼ਨੀ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਹਾਲਾਂਕਿ 14 ਅਪ੍ਰੈਲ ਨੂੰ ਵਿਸਾਖੀ ਦਾ ਸ਼ੁੱਭ ਦਿਹਾੜਾ ਹੈ ਅਤੇ ਸੰਗਤ ਭਾਰੀ ਤਾਦਾਦ ਦੇ ਵਿੱਚ ਟਰੈਕਟਰ-ਟਰਾਲੀਆਂ ਉਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਸ਼ੁਰੂ ਹੋ ਗਈ ਹੈ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। 

ਜ਼ਿਕਰਯੋਗ ਹੈ ਕਿ ਖ਼ਾਲਸਾ ਦੇ ਪ੍ਰਗਟ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਅਤੇ ਬਾਅਦ ਵਿਚ ਉਨ੍ਹਾਂ ਕੋਲੋਂ ਖ਼ੁਦ ਅੰਮ੍ਰਿਤਪਾਨ ਕਰਕੇ ਜਬਰ-ਜ਼ੁਲਮ ਦਾ ਟਾਕਰਾ ਕਰਨ ਲਈ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਹਾਲਾਂਕਿ 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਇਸ ਵਾਰ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਖ਼ਾਲਸਾ ਪੰਥ ਦਾ ਪ੍ਰਗਟ ਦਿਨ ਹੈ ਅਤੇ ਇਸ ਦਿਨ ਨੂੰ ਮਨਾਉਣ ਲਈ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੰਗਤ ਤਖ਼ਤ ਸਾਹਿਬ ਨਤਮਸਤਕ ਹੋਣ ਪਹੁੰਚਦੀ ਹੈ, ਜਿੱਥੇ ਸ਼ਰਧਾਲੂ ਤਖ਼ਤ ਸਾਹਿਬ ਨਤਮਸਤਕ ਹੁੰਦੇ ਹਨ, ਓਥੇ ਹੀ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਵੀ ਬਣਦੇ ਹਨ ।