ਤਾਲਿਬਾਨ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਅੱਗੇ ਆਇਆ : ਇਮਰਾਨ ਖ਼ਾਨ

by vikramsehajpal

ਕਰਾਚੀ (ਦੇਵ ਇੰਦਰਜੀਤ) : ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਸਮਰਥਨ ਕੀਤਾ ਹੈ। ਇਮਰਾਨ ਨੇ ਕਿਹਾ ਕਿ ਤਾਲਿਬਾਨ ਨੇ ‘ਗ਼ੁਲਾਮੀ ਦੀਆਂ ਜ਼ੰਜੀਰਾਂ’ ਤੋਂ ਆਜ਼ਾਦੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਹਿਮਾਇਤ ਪ੍ਰਾਪਤ ਸੰਗਠਨ ਤਾਲਿਬਾਨ ਨੇ ਐਤਵਾਰ ਨੂੰ ਰਾਜਧਾਨੀ ਕਾਬੁਲ ’ਤੇ ਕਬਜ਼ੇ ਦੇ ਨਾਲ ਪੂਰੇ ਅਫ਼ਾਨਿਸਤਾਨ ਨੂੰ ਆਪਣੇ ਕੰਟਰੋਲ ’ਚ ਲੈ ਲਿਆ ਹੈ, ਇਸ ਨਾਲ ਕੱਟੜਵਾਦੀਆਂ ਦੀ ਵਾਪਸੀ ਨੂੰ ਲੈ ਕੇ ਚਿੰਤਾਵਾਂ ਹੋਰ ਵੱਧ ਗਈਆਂ ਹਨ ਜਿਸ ਦੇ ਤਹਿਤ ਕਈ ਵਰਗ ਖ਼ਾਸ ਕਰਕੇ ਔਰਤਾਂ ਨੂੰ ਸਿੱਖਿਆ, ਰੋਜ਼ਗਾਰ ਤੇ ਵਿਆਹ ਦੇ ਹੱਕ ਤੋਂ ਵਾਂਝਿਆਂ ਕਰ ਦਿੱਤਾ ਗਿਆ ਸੀ।

ਇਮਰਾਨ ਨੇ ਕਿਹਾ, ‘‘ਤੁਸੀਂ ਦੂਜਿਆਂ ਦਾ ਸੱਭਿਆਚਾਰ ਦੀ ਪਾਲਣਾ ਕਰਦੇ ਹੋ ਤੇ ਮਨੋਵਿਗਿਆਨਕ ਤੌਰ ’ਤੇ ਉਸੇ ਦੇ ਅਧੀਨ ਹੋ ਜਾਂਦੇ ਹੋ। ਜਦੋਂ ਅਜਿਹਾ ਹੁੰਦਾ ਹੈ ਤਾਂ ਯਾਦ ਰੱਖੋ ਕਿ ਇਹ ਅਸਲ ਗ਼ੁਲਾਮੀ ਨਾਲੋਂ ਵੀ ਬਦਤਰ ਹੁੰਦਾ ਹੈ। ਸੱਭਿਆਚਾਰਕ ਗ਼ੁਲਾਮੀ ਦੀ ਜ਼ੰਜੀਰ ਨੂੰ ਕੱਢ ਸੁੱਟਣਾ ਮੁਸ਼ਕਲ ਹੁੰਦਾ ਹੈ। ਅਫ਼ਗਾਨਿਸਤਾਨ ’ਚ ਜੋ ਕੁਝ ਫ਼ਿਲਹਾਲ ਹੋ ਰਿਹਾ ਹੈ, ਉਨ੍ਹਾਂ ਨੇ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਦਿੱਤਾ ਹੈ।

ਯੁੱਧ ਨਾਲ ਪ੍ਰਭਾਵਿਤ ਅਫ਼ਗਾਨਿਸਤਾਨ ’ਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਤਾਲਿਬਾਨ ਨੇ ਐਤਵਾਰ ਨੂੰ ਮੁਲਕ ਦੀ ਰਾਜਧਾਨੀ ਕਾਬੁਲ ’ਤੇ ਕੰਟਰੋਲ ਕਰ ਲਿਆ। ਇਸ ਤਰ੍ਹਾਂ ਨਾਲ ਪੂਰੇ ਅਫ਼ਗਾਨਿਸਤਾਨ ’ਤੇ ਤਾਲਿਬਾਨ ਦਾ ਕੰਟਰੋਲ ਹੋ ਗਿਆ ਹੈ। ਅਫ਼ਗਾਨਿਸਤਾਨ ’ਚ ਹੁਣ ਪੂਰੀ ਤਰ੍ਹਾਂ ਨਾਲ ਤਾਲਿਬਾਨ ਦੀ ਹਕੂਮਤ ਹੈ।

ਹਾਲਾਤ ਇਹ ਹਨ ਕਿ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਆਪਣਾ ਮੁਲਕ ਛੱਡ ਚੁੱਕੇ ਹਨ। ਤਾਲਿਬਾਨ ਦੇ ਹਥਿਆਰਬੰਦ ਮੈਂਬਰਾਂ ਦੇ ਰਾਸ਼ਟਰਪਤੀ ਦਫ਼ਤਰ ’ਤੇ ਕੰਟਰੋਲ ਸਥਾਪਤ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈ ਸਨ। ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਦੇ ਬਾਅਦ ਉੱਥੇ ਹਫ਼ੜਾ-ਦਫ਼ੜੀ ਦਾ ਮਾਹੌਲ ਹੈ।