ਨਵੀਂ ਦਿੱਲੀ (ਪਾਇਲ): ਪਾਕਿਸਤਾਨ ਤੋਂ ਲਗਾਤਾਰ ਵਪਾਰਕ ਧੋਖਾਧੜੀ ਤੋਂ ਪਰੇਸ਼ਾਨ ਅਫਗਾਨਿਸਤਾਨ ਨੇ ਹੁਣ ਇਸਲਾਮਾਬਾਦ ਨਾਲ ਸਾਰੇ ਵਪਾਰਕ ਰਸਤੇ ਬੰਦ ਕਰ ਦਿੱਤੇ ਹਨ ਅਤੇ ਉਮੀਦ ਭਰੀਆਂ ਨਜ਼ਰਾਂ ਨਾਲ ਭਾਰਤ ਵੱਲ ਦੇਖ ਰਿਹਾ ਹੈ। ਤਾਲਿਬਾਨ ਸਰਕਾਰ ਨੇ ਪਾਕਿਸਤਾਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਦਵਾਈਆਂ ਦੇ ਨਾਂ 'ਤੇ ਘਟੀਆ ਗੁਣਵੱਤਾ ਅਤੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਭੇਜ ਰਿਹਾ ਸੀ, ਜੋ ਮਰੀਜ਼ਾਂ ਲਈ ਫਾਇਦੇਮੰਦ ਦੀ ਬਜਾਏ ਜਾਨਲੇਵਾ ਸਾਬਿਤ ਹੋ ਰਹੀਆਂ ਸਨ।
ਇਸ ਪਿਛੋਕੜ ਵਿਚ ਅਫਗਾਨਿਸਤਾਨ ਦੇ ਸਿਹਤ ਮੰਤਰੀ ਮੌਲਵੀ ਨੂਰ ਜਲਾਲ ਜਲਾਲੀ ਭਾਰਤ ਦੌਰੇ 'ਤੇ ਦਿੱਲੀ ਪਹੁੰਚ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਦੌਰਾ ਭਾਰਤ-ਅਫਗਾਨਿਸਤਾਨ ਸਿਹਤ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਵਾਲਾ ਸਾਬਤ ਹੋ ਸਕਦਾ ਹੈ। ਅਫਗਾਨਿਸਤਾਨ ਦਾ ਸਿਹਤ ਬੁਨਿਆਦੀ ਢਾਂਚਾ ਇਸ ਸਮੇਂ ਗੰਭੀਰ ਸੰਕਟ ਵਿੱਚ ਹੈ ਅਤੇ ਦੇਸ਼ ਨੂੰ ਦਵਾਈਆਂ, ਮੈਡੀਕਲ ਸਾਜ਼ੋ-ਸਾਮਾਨ, ਡਾਕਟਰਾਂ ਦੀ ਸਿਖਲਾਈ ਅਤੇ ਮਾਨਵਤਾਵਾਦੀ ਸਹਾਇਤਾ ਦੀ ਸਖ਼ਤ ਲੋੜ ਹੈ। ਹਾਲਾਂਕਿ ਜਲਾਲੀ ਦੇ ਦੌਰੇ ਸਬੰਧੀ ਅਧਿਕਾਰਤ ਪ੍ਰੋਗਰਾਮ ਅਜੇ ਜਨਤਕ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਅਨੁਸਾਰ ਭਾਰਤ ਤੋਂ ਦਵਾਈਆਂ ਦੀ ਸਪਲਾਈ, ਮੈਡੀਕਲ ਸਹਾਇਤਾ ਅਤੇ ਸਿਹਤ ਬੁਨਿਆਦੀ ਢਾਂਚੇ ਦੇ ਸਹਿਯੋਗ 'ਤੇ ਗੱਲਬਾਤ ਹੋ ਸਕਦੀ ਹੈ।
