ਤਰਨਤਾਰਨ : BSF ਨੇ ਭਾਰਤ-ਪਾਕਿ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

by jaskamal

ਨਿਊਜ਼ ਡੈਸਕ (ਜਸਕਮਲ) : ਸੈਕਟਰ ਖੇਮਕਰਨ ਵਿਖੇ ਤਾਇਨਾਤ ਬੀਐੱਸਐੱਫ ਦੀ 101 ਬਟਾਲੀਅਨ ਨੇ ਪਾਕਿਸਤਾਨੀ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦੇ ਹੋਏ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਸੂਤਰਾਂ ਮੁਤਾਬਕ ਬੀਐੱਸਐੱਫ ਵਲੋਂ ਸਰਹੱਦੀ ਚੌਕੀ ਮੀਆਂਵਾਲੀ ਦੇ ਇਲਾਕੇ 'ਚੋਂ 22 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਇਲਾਕੇ ਦੀ ਛਾਣਬੀਣ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਵਾਨਾਂ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕਰੋੜਾਂ 'ਚ ਹਾਲਾਂਕਿ ਇਸ ਦੀ ਹਾਲੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਸ ਬਰਾਮਦਗੀ ਦੌਰਾਨ ਬੀਐੱਸਐੱਫ ਅਤੇ ਤਸਕਰਾਂ ਵਿਚਕਾਰ ਫਾਇਰਿੰਗ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਦੱਸਣਯੋਗ ਹੈ ਕਿ ਬੁਧਵਾਰ ਰਾਤ ਨੂੰ ਇਸ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਦੀ ਆਮਦ ਵੀ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਹੈਰੋਇਨ ਦੀ ਇਹ ਵੱਡੀ ਖੇਪ ਤਸਕਰਾਂ ਵਲੋਂ ਭਾਰਤ ਵੱਲ ਭੇਜਣ ਦੀ ਕੋਸ਼ਿਸ ਕੀਤੀ ਗਈ ਹੈ। ਪਾਕਿਸਤਾਨ ਲਗਾਤਾਰ ਆਪਣੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ ਪਰ ਬੀਐੱਸਐੱਫ ਦੀ ਮੁਸਤੈਦੀ ਕਾਰਨ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ।