ਕੁੰਜਾਪੁਰੀ (ਪਾਇਲ): ਉਤਰਾਖੰਡ 'ਚ ਰਿਸ਼ੀਕੇਸ਼ ਨੇੜੇ ਟਿਹਰੀ ਜ਼ਿਲੇ ਦੇ ਕੁੰਜਾਪੁਰੀ 'ਚ ਇਕ ਵੱਡਾ ਬੱਸ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁੰਜਾਪੁਰੀ ਮੰਦਰ ਨੇੜੇ ਇਕ ਬੱਸ ਡੂੰਘੀ ਖਾਈ 'ਚ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ 5 ਲੋਕਾਂ ਦੇ ਮਾਰੇ ਜਾਣ ਅਤੇ 20 ਤੋਂ ਜ਼ਿਆਦਾ ਦੇ ਜ਼ਖਮੀ ਹੋਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਨਰੇਂਦਰਨਗਰ ਥਾਣਾ ਖੇਤਰ ਦੇ ਅਧੀਨ ਕੁੰਜਾਪੁਰੀ-ਹਿੰਦੋਲਾਖਲ ਰੋਡ 'ਤੇ ਇਕ ਬੱਸ ਕਰੀਬ 70 ਮੀਟਰ ਡੂੰਘੀ ਖਾਈ 'ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 30 ਤੋਂ 35 ਲੋਕਾਂ ਦੇ ਸਵਾਰ ਹੋਣ ਦੀ ਸੰਭਾਵਨਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਮਾਂਡਰ ਐਸ.ਡੀ.ਆਰ.ਐਫ ਅਰਪਨ ਯਾਦਵੰਸ਼ੀ ਦੇ ਨਿਰਦੇਸ਼ਾਂ ‘ਤੇ ਪੋਸਟ ਧੱਲੇਵਾਲਾ, ਪੋਸਟ ਕੋਟੀ ਕਲੋਨੀ ਅਤੇ ਐਸ.ਡੀ.ਆਰ.ਐਫ ਕੋਰ ਹੈੱਡਕੁਆਰਟਰ ਦੀਆਂ ਕੁੱਲ 5 ਟੀਮਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ।
ਜਿਸ ਦੌਰਾਨ ਪਤਾ ਲੱਗਾ ਹੈ ਕਿ ਬੱਸ ਵਿੱਚ ਕੁੱਲ 28 ਯਾਤਰੀ ਸਵਾਰ ਸਨ। ਜਦ ਕਿ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਸਾਰੇ ਜ਼ਖਮੀਆਂ ਨੂੰ SDRF ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਭੇਜ ਦਿੱਤਾ। ਦੱਸ ਦਇਏ ਕਿ ਟੀਮ ਦਾ ਰੈਸਕਿਊ ਅਤੇ ਖੋਜ ਕਾਰਜ ਜਾਰੀ ਹੈ।



