ਕਸ਼ਮੋਰ (ਪਾਇਲ): ਤੁਹਾਨੂੰ ਦੱਸ ਦਇਏ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸ਼ਮੋਰ ਜ਼ਿਲੇ 'ਚ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਖੇਤਾਂ ਵਿੱਚ ਮਿਲਿਆ ਇੱਕ ਰਾਕੇਟ ਪ੍ਰੋਪੈਲੈਂਟ (ਵਿਸਫੋਟਕ ਪਦਾਰਥ) ਬੱਚਿਆਂ ਦੇ ਖੇਡਣ ਦੌਰਾਨ ਫਟ ਗਿਆ, ਜਿਸ ਨਾਲ 8 ਤੋਂ 12 ਸਾਲ ਦੇ ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਕਸਬਾ ਕੰਧਕੋਟ ਨੇੜੇ ਵਾਪਰਿਆ, ਜਿੱਥੇ ਇਹ ਬੱਚੇ ਆਪਣੇ ਪਿੰਡ ਦੇ ਖੇਤਾਂ ਵਿੱਚ ਖੇਡ ਰਹੇ ਸਨ।
ਜਿਸ ਦੌਰਾਨ ਪੁਲਿਸ ਅਧਿਕਾਰੀ ਡੀਐਸਪੀ ਸੈਯਦ ਅਸਗਰ ਅਲੀ ਸ਼ਾਹ ਨੇ ਦੱਸਿਆ ਕਿ ਬੱਚਿਆਂ ਨੂੰ ਇਹ ਪ੍ਰੋਪੈਲੈਂਟ ਖੇਤਾਂ ਵਿੱਚ ਪਿਆ ਮਿਲਿਆ ਸੀ, ਜੋ ਦੇਖਣ ਵਿੱਚ ਰੰਗੀਨ ਸੀ। ਉਹ ਇਸ ਨਾਲ ਖੇਡਦੇ-ਖੇਡਦੇ ਅਚਾਨਕ ਧਮਾਕੇ ਦਾ ਸ਼ਿਕਾਰ ਹੋ ਗਏ। ਸ਼ਾਹ ਦੇ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਸਾਲਿਡ ਰਾਕੇਟ ਪ੍ਰੋਪੈਲੈਂਟ ਸੀ, ਜਿਸ ਵਿੱਚ ਲੰਬੇ ਸਮੇਂ ਤੱਕ ਇੰਧਨ ਅਤੇ ਵਿਸਫੋਟਕ ਸਮੱਗਰੀ ਸੁਰੱਖਿਅਤ ਰਹਿੰਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਵਿਸਫੋਟਕ ਸਮੱਗਰੀ ਸ਼ਾਇਦ ਕਸ਼ਮੋਰ ਜ਼ਿਲ੍ਹੇ ਦੇ ਨਦੀ ਕੰਢੇ ਵਾਲੇ ਇਲਾਕਿਆਂ ਵਿੱਚ ਸਰਗਰਮ ਲੁਟੇਰਾ ਗਰੋਹ ਵੱਲੋਂ ਛੱਡੀ ਗਈ ਹੋਵੇ। ਦੱਸ ਦਇਏ ਕਿ ਘਟਨਾ ਤੋਂ ਬਾਦ ਬੰਬ ਡਿਸਪੋਜ਼ਲ ਸਕਵਾਡ ਨੇ ਮੌਕੇ ਤੋਂ ਬਚੇ ਹੋਏ ਟੁਕੜਿਆਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



