ਫਤਿਹਗੜ ਚੂੜੀਆਂ (ਨੇਹਾ): ਫਤਿਹਗੜ ਚੂੜੀਆਂ -ਡੇਰਾ ਬਾਬਾ ਨਾਨਕ ਰੋਡ ਤੇ ਪਿੰਡ ਦਾਦੂਯੋਦ ਨੇੜੇ ਝੰਜੀਆਂ ਖੁਰਦ ਮੌੜ ਉਪਰ ਹੋਏ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇੱਕ ਅਧਿਆਪਕ ਸਮੇਤ 2 ਵਿੱਅਕਤੀਆਂ ਦੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਦੇ ਅਧਿਆਪਕ ਸੁਰਿੰਦਰਪਾਲ ਸਿੰਘ ਪੁੱਤਰ ਕਾਕਾ ਰਾਮ ਵਾਰਡ ਨੰਬਰ 1 ਫਤਿਹਗੜ ਚੂੜੀਆਂ ਤੋਂ ਹਰ ਰੋਜ਼ ਦੀ ਤਰ੍ਹਾਂ ਪਿੰਡ ਡੋਗਰ ਨੂੰ ਡਿਊਟੀ ਤੇ ਜਾ ਰਿਹਾ ਸੀ ਅਤੇ ਜਦ ਉਹ ਦਾਦੂਯੋਦ ਨੇੜੇ ਪਹੁੰਚਿਆ ਤਾਂ ਉਸਦੀ ਕਾਰ ਦੀ ਅੱਗੋਂ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨਾਲ ਟੱਕਰ ਹੋ ਗਈ । ਇਸ ਹਾਦਸੇ ਵਿੱਚ ਮਨਪ੍ਰੀਤ ਸਿੰਘ ਭਿੰਡਰ (22ਸਾਲਾ) ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਘਾੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਅਧਿਆਪਕ ਸੁਰਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਪੁੱਤਰ ਵੀਰੂ ਵਾਸੀ ਪਿੰਡ ਸਰਫਕੋਟ ਜਖਮੀ ਹੋ ਗਏ ਹਨ, ਜਿੰਨਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਾਸਟਰ ਸੁਰਿੰਦਰਪਾਲ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਧਰ ਹਾਦਸੇ ਚ ਮਾਰੇ ਗਏ ਨੌਜਵਾਨ ਮਨਪ੍ਰੀਤ ਸਿੰਘ ਦੀ ਮਾਂ ਤੇ ਪਤਨੀ ਪ੍ਰਭਜੋਤ ਕੌਰ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਣ ਯੋਗ ਹੈ ਕਿ ਮ੍ਰਿਤਕ ਮਨਪ੍ਰੀਤ ਸਿੰਘ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਦਾ 10 ਮਹੀਨੇ ਦਾ ਛੋਟਾ ਲੜਕਾ ਹੈ। ਪਤਨੀ ਰੋ ਰੋ ਕੇ ਬੇਹੋਸ਼ ਹੋ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਫਤਿਹਗੜ ਚੂੜੀਆਂ ਦੇ ਏਐਸਆਈ ਸੁਖਦੇਵ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜਾ ਲਿਆ ਗਿਆ । ਏਐਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਮਿਰਤਕ ਮਨਪ੍ਰੀਤ ਸਿੰਘ ਭਿੰਡਰ ਦੇ ਪਰਿਵਾਰਕ ਮੈਬਰਾਂ ਦੇ ਬਿਆਨਾ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



