ਅੱਤ ਦੀ ਗਰਮੀ ਕਾਰਨ ਵਿਦਿਆਰਥੀਆਂ ਦੇ ਬੇਹੋਸ਼ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਦੱਖਣੀ ਸੂਡਾਨ ਨੇ ਵੀਰਵਾਰ ਨੂੰ ਸਾਰੇ ਸਕੂਲ ਦੋ ਹਫ਼ਤਿਆਂ ਲਈ ਬੰਦ ਕਰ ਦਿੱਤੇ। ਜਲਵਾਯੂ ਤਬਦੀਲੀ ਕਾਰਨ ਬਰਸਾਤ ਦੇ ਮੌਸਮ ਦੌਰਾਨ ਦੇਸ਼ ਨੂੰ ਹੜ੍ਹਾਂ ਅਤੇ ਹੋਰ ਗੁੰਝਲਦਾਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਦੂਜੀ ਵਾਰ ਹੈ ਜਦੋਂ ਦੇਸ਼ ਵਿੱਚ ਫਰਵਰੀ ਅਤੇ ਮਾਰਚ ਵਿੱਚ ਗਰਮੀ ਕਾਰਨ ਸਕੂਲ ਬੰਦ ਹੋਏ ਹਨ। ਦੇਸ਼ ਦੇ ਉਪ ਸਿੱਖਿਆ ਮੰਤਰੀ ਮਾਰਟਿਨ ਟਾਕੋ ਮੋਈ ਨੇ ਕਿਹਾ ਕਿ ਜੁਬਾ ਸ਼ਹਿਰ ਵਿੱਚ ਹਰ ਰੋਜ਼ ਔਸਤਨ 12 ਵਿਦਿਆਰਥੀ ਬੇਹੋਸ਼ ਹੋ ਰਹੇ ਹਨ। ਦੱਖਣੀ ਸੂਡਾਨ ਦੇ ਜ਼ਿਆਦਾਤਰ ਸਕੂਲ ਸ਼ੀਟ ਲੋਹੇ ਦੇ ਬਣੇ ਅਸਥਾਈ ਢਾਂਚੇ ਹਨ ਅਤੇ ਬਿਜਲੀ ਨਹੀਂ ਹੈ। ਵਾਤਾਵਰਣ ਮੰਤਰੀ ਜੋਸੇਫਾਈਨ ਨੈਪਵੋਨ ਕੋਸਮੌਸ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਪਾਣੀ ਪੀਣ ਦੀ ਅਪੀਲ ਕੀਤੀ ਕਿਉਂਕਿ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਵੱਧਣ ਦੀ ਸੰਭਾਵਨਾ ਹੈ। ਸਿੱਖਿਆ ਕਰਮੀਆਂ ਨੇ ਸਰਕਾਰ ਨੂੰ ਸਕੂਲ ਕੈਲੰਡਰ ਵਿੱਚ ਸੋਧ ਕਰਨ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਕੂਲ ਫਰਵਰੀ ਵਿੱਚ ਬੰਦ ਹੋ ਜਾਣ ਅਤੇ ਤਾਪਮਾਨ ਘੱਟ ਹੋਣ 'ਤੇ ਅਪ੍ਰੈਲ ਵਿੱਚ ਮੁੜ ਖੋਲ੍ਹਿਆ ਜਾ ਸਕੇ।
