ਹੁਸ਼ਿਆਰਪੁਰ : ਜਰਮਨੀ ਵਿਚ ਬੈਠ ਕੇ ਪੰਜਾਬ ਵਿਚ ਅੱਤਵਾਦ ਦੀ ਸਾਜ਼ਿਸ਼ ਰਚਣ ਵਾਲਾ ਅੱਤਵਾਦੀ ਗੁਰਮੀਤ ਸਿੰਘ ਉਰਫ਼ ਬੱਗਾ ਆਪਣੇ ਛੋਟੇ ਭਰਾ ਗੁਰਦੇਵ ਸਿੰਘ ਉਰਫ਼ ਪ੍ਰਾਇਰਟੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੜਫ ਉੱਠਿਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਝੱਜਾ ਦੇ ਰਹਿਣ ਵਾਲੇ ਅੱਤਵਾਦੀ ਬੱਗਾ ਨੇ ਜਰਮਨੀ ਤੋਂ ਵੀਡੀਓ ਜਾਰੀ ਕਰ ਕੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਪੰਜਾਬ ਪੁਲਿਸ ਝੂਠੀਆਂ ਕਹਾਣੀਆਂ ਬਣਾ ਰਹੀ ਹੈ, ਉਸ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਉਸ ਨੂੰ ਕੋਈ ਦੁੱਖ ਨਹੀਂ ਹੈ। ਪੁਲਿਸ ਚਾਹੇ ਤਾਂ ਉਸ ਦੇ ਪੂਰੇ ਪਰਿਵਾਰ ਨੂੰ ਚੌਰਾਹੇ ਵਿਚ ਖੜ੍ਹਾ ਕਰ ਕੇ ਗੋਲ਼ੀ ਮਾਰ ਦੇਵੇ। ਇਸ ਦੀ ਕੋਈ ਪਰਵਾਹ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਪੁਲਿਸ ਵਾਲਿਆਂ ਦੇ ਵੀ ਪਰਿਵਾਰ ਹਨ।
ਜਿਵੇਂ ਉਹ ਕਰਨਗੇ, ਉਵੇਂ ਹੀ ਅਸੀਂ ਵੀ ਕਰਾਂਗੇ। ਉਹ ਜਿੱਧਰ ਨੱਠਣਗੇ, ਅਸੀਂ ਵੀ ਓਧਰ ਹੀ ਨੱਠਾਂਗੇ। ਪੁਲਿਸ ਵੱਲੋਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਹੋਣ ਦੇ ਦਾਅਵੇ 'ਤੇ ਬੱਗਾ ਨੇ ਕਿਹਾ ਕਿ ਇਨ੍ਹਾਂ ਤੋਂ ਕੋਈ ਪੁੱਛੇ ਕਿ ਬਾਰਡਰ 'ਤੇ ਏਨੀ ਬੀਐੱਸਐੱਫ ਲੱਗੀ ਹੈ ਤਾਂ ਫਿਰ ਏਨੇ ਹਥਿਆਰ ਕਿੱਥੋਂ ਆ ਗਏ। ਪੁਲਿਸ ਹਥਿਆਰਾਂ ਦੀ ਬਰਾਮਦਗੀ ਨੌਜਵਾਨਾਂ ਤੋਂ ਦਿਖਾ ਕੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਪਿਛਲੇ ਦੌਰ ਵਿਚ ਲੈ ਕੇ ਜਾਣਾ ਚਾਹੁੰਦੀ ਹੈ। ਪੰਜਾਬ ਦੀ ਕੁਝ ਜਵਾਨੀ ਨੂੰ ਨਸ਼ੇ ਵਿਚ ਬਰਬਾਦ ਕਰ ਦਿੱਤਾ।
ਬਾਕੀਆਂ ਨੂੰ ਪੁਲਿਸ ਬਰਬਾਦ ਕਰਨਾ ਚਾਹੁੰਦੀ ਹੈ। ਪੁਲਿਸ ਦੀ ਕਾਰਜਪ੍ਰਣਾਲੀ ਦੀ ਨਿੰਦਾ ਕਰਦੇ ਹੋਏ ਬੱਗਾ ਨੇ ਆਪਣਾ ਵੀਡੀਓ ਮੈਸੇਜ ਸਮਾਪਤ ਕੀਤਾ।ਜ਼ਿਕਰਯੋਗ ਹੈ ਕਿ ਅੱਤਵਾਦੀ ਬੱਗਾ ਦੇ ਛੋਟੇ ਭਰਾ ਗੁਰਦੇਵ ਸਿੰਘ ਉਰਫ਼ ਪ੍ਰਾਇਰਟੀ (26) ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਰਮਨੀ ਵਿਚ ਬੈਠੇ ਆਪਣੇ ਭਰਾ ਅੱਤਵਾਦੀ ਗੁਰਮੀਤ ਸਿੰਘ ਬੱਗਾ ਨਾਲ ਸਾਜ਼ਿਸ਼ ਰਚ ਕੇ ਪੰਜਾਬ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ। ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।



