ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ 9 ਸਾਲਾ ਬੱਚੇ ਨੂੰ ਅਗਵਾ ਕਰ ਕੇ ਲੈ ਗਏ ਬਦਮਾਸ਼; ਘਟਨਾ ਸੀਸੀਟੀਵੀ ‘ਚ ਕੈਦ

by jaskamal

ਨਿਊਜ਼ ਡੈਸਕ (ਜਸਕਮਲ) : ਪਿੰਡ ਬੇਬੋਵਾਲ ਛੰਨੀਆਂ 'ਚ 9 ਸਾਲਾ ਬੱਚੇ ਬਾਲਨੂਰ ਸਿੰਘ ਨੂੰ ਉਸ ਦੇ ਘਰੋਂ ਅਗਵਾ ਕਰਨ ਦੇ ਦੋਸ਼ 'ਚ ਪੁਲਿਸ ਨੇ ਮਾਂ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਬਾਲਨੂਰ ਦੇ ਚਾਚਾ ਸੁਖਜਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਪੰਜ ਵਿਅਕਤੀ ਖੁਦ ਨੂੰ ਪੁਲਿਸ ਵਾਲੇ ਦੱਸ ਕੇ ਦੁਪਹਿਰ 1 ਵਜੇ ਬਾਲਨੂਰ ਸਿੰਘ ਦੇ ਪਿਤਾ ਅੰਮ੍ਰਿਤਪਾਲ ਸਿੰਘ ਦੇ ਘਰ ਆਏ। ਘਰ 'ਚ ਸਿਰਫ ਬਾਲਨੂਰ ਤੇ ਉਸਦੀ ਦਾਦੀ ਮੌਜੂਦ ਸਨ। ਮੁਲਜ਼ਮਾਂ, ਜਿਨ੍ਹਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਸਨ, ਨੇ ਬਾਲਨੂਰ ਦੀ ਦਾਦੀ ਨੂੰ ਦੱਸਿਆ ਕਿ ਉਹ ਅੰਮ੍ਰਿਤਪਾਲ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਵਿਚਕਾਰ ਚੱਲ ਰਹੇ ਕੇਸ ਬਾਰੇ ਪੁੱਛਣ ਲਈ ਆਏ ਹਨ।

ਉਨ੍ਹਾਂ ਨੇ ਖਾਕੀ ਪੱਗਾਂ ਬੰਨ੍ਹੀਆਂ ਹੋਈਆਂ ਸਨ ਪਰ ਉਹ ਪੁਲਿਸ ਦੀ ਵਰਦੀ 'ਚ ਨਹੀਂ ਸਨ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਉਨ੍ਹਾਂ ਨੇ ਲੜਕੇ ਨੂੰ ਜ਼ਬਰਦਸਤੀ ਕਾਰ 'ਚ ਬਿਠਾ ਦਿੱਤਾ ਤੇ ਉਥੋਂ ਫਰਾਰ ਹੋ ਗਏ। ਅਗਵਾ ਹੋਣ ਦੀ ਖਬਰ ਮਿਲਦੇ ਹੀ ਅੰਮ੍ਰਿਤਪਾਲ ਸਿੰਘ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਡੀਐੱਸਪੀ ਦਸੂਹਾ ਰਣਜੀਤ ਸਿੰਘ ਬਧੇਸ਼ਾ ਤੇ ਥਾਣਾ ਇੰਚਾਰਜ ਦਸੂਹਾ ਗੁਰਪ੍ਰੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਡੀਐੱਸਪੀ ਨੇ ਮੌਕੇ ’ਤੇ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰ ਕੇ ਅਗਵਾ ਹੋਏ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸ਼ਾਮ ਨੂੰ ਡੀਐੱਸਪੀ ਬਧੇਸ਼ਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਗਵਾ ਦੀ ਯੋਜਨਾ ਲੜਕੇ ਦੀ ਮਾਂ ਗੁਰਮੀਤ ਕੌਰ ਨੇ ਆਪਣੇ ਪ੍ਰੇਮੀ ਰਣਵੀਰ ਸਿੰਘ ਤੇ ਪੰਜ ਹੋਰ ਅਣਪਛਾਤੇ ਮੁਲਜ਼ਮਾਂ ਨਾਲ ਮਿਲ ਕੇ ਰਚੀ ਸੀ। ਮੁਲਜ਼ਮ ਔਰਤ ਮੁਕੇਰੀਆਂ 'ਚ ਤਹਿਸੀਲ ਦਫ਼ਤਰ 'ਚ ਕਲਰਕ ਹੈ ਤੇ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ। ਉਹ ਮੁਕੇਰੀਆਂ 'ਚ ਇਕ ਕੁਆਰਟਰ 'ਚ ਵੱਖ ਰਹਿ ਰਹੀ ਸੀ। ਪੁਲਿਸ ਪਾਰਟੀਆਂ ਨੇ ਉੱਥੇ ਅਤੇ ਉਸਦੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲੀ। “ਇਸ ਦੌਰਾਨ, ਮੁਲਜ਼ਮ ਮਾਂ, ਉਸ ਦੇ ਪ੍ਰੇਮੀ ਤੇ ਪੰਜ ਅਣਪਛਾਤੇ ਵਿਅਕਤੀਆਂ ਸਮੇਤ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਅਗਵਾ ਹੋਏ ਲੜਕੇ ਤੇ ਅਗਵਾਕਾਰਾਂ ਦੀ ਭਾਲ ਜਾਰੀ ਹੈ।