ਥਾਣੇ ‘ਚ ਤਫਤੀਸ਼ ਲਈ ਲਿਆਂਦੇ ਮੁਲਜ਼ਮ ਨੇ ਲਿਆ ਫਾਹਾ; ਪੁਲਿਸ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ

by jaskamal

ਨਿਊਜ਼ ਡੈਸਕ (ਜਸਕਮਲ) : ਥਾਣਾ ਟਾਂਡਾ 'ਚ ਬੀਤੀ ਦੇਰ ਸ਼ਾਮ ਚੋਰੀ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਨੇ ਤਫ਼ਤੀਸ਼ ਵਾਲੇ ਕਮਰੇ 'ਚ ਰੋਸ਼ਨਦਾਨ ਨਾਲ ਬੈਲਟ ਬੰਨ੍ਹ ਕੇ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਰਕੇਸ਼ ਕੁਮਾਰ ਪੁੱਤਰ ਰਾਮ ਚੰਦ ਵਾਸੀ ਮੁਹੱਲਾ ਕੈਂਥਾ (ਦਸੂਹਾ) ਦੇ ਰੂਪ 'ਚ ਹੋਈ ਹੈ, ਜਿਸ ਨੂੰ ਬੀਤੀ ਦੁਪਹਿਰ ਹੀ ਪੁਲਸ ਟੀਮ ਕਾਬੂ ਕਰ ਕੇ ਥਾਣਾ ਟਾਂਡਾ ਲਿਆਈ ਸੀ।

ਇਸ ਸਬੰਧੀ ਡੀਐੱਸਪੀ ਟਾਂਡਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਗਹਿਲੀ ਕਰਨ ਵਾਲੇ ਸੀਨੀਅਰ ਕਾਂਸਟੇਬਲ ਪੁਨੀਤ ਕੁਮਾਰ, ਕਾਂਸਟੇਬਲ ਅੰਮ੍ਰਿਤਪਾਲ, ਮੁੱਖ ਸਿਪਾਹੀ ਸੁਰੇਸ਼ ਕੁਮਾਰ ਤੇ ਹੋਮਗਾਰਡ ਕਿਰਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਹਿਰਾਸਤ 'ਚ ਮੌਤ ਹੋਣ ਦੇ ਮਾਮਲੇ ਕਾਰਨ ਡੀਸੀ ਹੁਸ਼ਿਆਰਪੁਰ ਨੂੰ ਜੁਡੀਸ਼ੀਅਲ ਇਨਕੁਆਰੀ ਅਧੀਨ ਦੇਰ ਰਾਤ ਮਾਣਯੋਗ ਜੱਜ ਵਰਿੰਦਰ ਕੁਮਾਰ ਨੇ ਥਾਣਾ ਟਾਂਡਾ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਮੁਲਾਜ਼ਮਾਂ ਦੇ ਬਿਆਨ ਲੈਂਦੇ ਹੋਏ ਜਾਂਚ ਕੀਤੀ।  

ਇਸ ਦੌਰਾਨ ਡੀਐੱਸਪੀ ਨੇ ਦਰਜ ਹੋਏ ਮਾਮਲੇ 'ਚ ਦੱਸਿਆ ਕਿ ਪੁਲਸ ਕਰਮਚਾਰੀਆਂ ਪੁਨੀਤ ਤੇ ਅੰਮ੍ਰਿਤਪਾਲ ਨੇ ਪੁਲਸ ਅਧਿਕਾਰੀ ਨੂੰ ਸੂਚਨਾ ਦਿੱਤੀ ਰਕੇਸ਼ ਕੁਮਾਰ ਨੂੰ ਥਾਣੇ ਦੇ ਪਿਛਲੇ ਪਾਸਿਓਂ ਰੇਲਵੇ ਲਾਈਨਾਂ ਤੋਂ ਕਾਬੂ ਕੀਤਾ ਗਿਆ ਹੈ। 15 ਫਰਵਰੀ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸੀ ਕਿ ਰਕੇਸ਼ ਕੁਮਾਰ ਵੀ ਉਨ੍ਹਾਂ ਨਾਲ ਮੋਟਰਸਾਈਕਲ ਚੋਰੀ ਕਰਦਾ ਹੈ। ਪੁਲਿਸ ਨੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਹ ਨਸ਼ੇ ਦੀ ਹਾਲਤ 'ਚ ਹੋਣ ਕਾਰਨ ਜਵਾਬ ਨਹੀਂ ਦੇ ਰਿਹਾ ਸੀ। ਪੁਲਿਸ ਨੇ ਨਸ਼ਾ ਉਤਰਨ ਦੀ ਉਡੀਕ 'ਚ ਉਸ ਨੂੰ ਹਵਾਲਾਤ ਨਾਲ ਲੱਗਦੇ ਕਮਰੇ 'ਚ ਬੈਠਾ ਦਿੱਤਾ। ਉਪਰੰਤ ਦੋਵੇਂ ਕਰਮਚਾਰੀ ਮਾਮਲੇ ਦਾ ਜਾਂਚ ਅਧਿਕਾਰੀ ਸੰਤਰੀ ਤੇ ਥਾਣਾ ਮੁਖੀ ਨੂੰ ਜਾਣੂ ਕਰਵਾ ਆਪਣੀ ਡਿਊਟੀ 'ਤੇ ਚਲੇ ਗਏ। ਬਾਅਦ 'ਚ ਪਤਾ ਲੱਗਾ ਕਿ 7 ਵਜੇ ਦੇ ਕਰੀਬ ਰਾਕੇਸ਼ ਨੇ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ ਸੀ।