ਮਜੀਠੀਆ ਨੇ ਜੇਲ੍ਹ ‘ਚ ਮਿਲਣ ਪੁੱਜੇ ਅਕਾਲੀਆਂ ਨੂੰ ਪੁਲਿਸ ਨੇ ਬੇਰੰਗ ਮੋੜਿਆ

by jaskamal

ਨਿਊਜ਼ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਐੱਮਪੀ ਬੈਰਕ ’ਚ ਰੱਖਿਆ ਗਿਆ ਹੈ। ਮਜੀਠੀਆ ਨੇ ਜੇਲ੍ਹ ਵਾਲਾ ਹੀ ਖਾਣਾ ਖਾਧਾ ਤੇ ਦਿਨ ਭਰ ਕੁੜਤਾ-ਪਜਾਮਾ ਹੀ ਪਾ ਕੇ ਰੱਖਿਆ। ਉਨ੍ਹਾਂ ਨੂੰ ਸਿਰ ’ਤੇ ਪਰਨਾ ਬੰਨ੍ਹ ਕੇ ਘੁੰਮਦੇ ਹੋਏ ਦੇਖਿਆ ਗਿਆ।ਜੇਲ੍ਹ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਿਹਾ ਕਿ ਕਾਨੂੰਨ ਦੀ ਨਜ਼ਰ 'ਚ ਸਾਰੇ ਬਰਾਬਰ ਹਨ। ਇਸ ਲਈ ਜੇਲ੍ਹ ਮੈਨੁਅਲ ਮੁਤਾਬਕ ਹੀ ਸਾਰਿਆਂ ਨੂੰ ਰੱਖਿਆ ਜਾਂਦਾ ਹੈ।

ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ’ਚ ਮਾਣਯੋਗ ਅਦਾਲਤ 'ਚ ਆਤਮ-ਸਮਰਪਣ ਕਰਨ ਤੋਂ ਬਾਅਦ ਪਹਿਲਾਂ ਸੰਗਰੂਰ ਤੇ ਹੁਣ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਹੈ। ਦੂਜੇ ਪਾਸੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਉਹ ਅਗਲੇ ਕੁੱਝ ਦਿਨ ਹਾਲੇ ਕੇਂਦਰੀ ਜੇਲ੍ਹ ਪਟਿਆਲਾ ’ਚ ਹੀ ਰਹਿਣਗੇ। ਕੇਂਦਰੀ ਜੇਲ੍ਹ ਪਟਿਆਲਾ 'ਚ ਸ਼ਿਫਟ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਕੇਂਦਰੀ ਜੇਲ੍ਹ ਪਟਿਆਲਾ ਪਹੁੰਚ ਰਹੇ ਅਕਾਲੀ ਦਲ ਦੇ ਆਗੂਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਬੇਰੰਗ ਤੋਰ ਦਿੱਤਾ। ਸ਼ੁੱਕਰਵਾਰ ਨੂੰ ਵੀ ਸਿਰਫ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੂੰ ਹੀ ਮਿਲਣ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੀ ਬਾਹਰ ਹੀ ਖੜ੍ਹ ਕੇ ਪਰਤ ਗਏ।