ਸੰਯੁਕਤ ਕਿਸਾਨ ਮੋਰਚਾ ਦਾ ਐਲਾਨ, ਕਿਹਾ- ਮੰਗਾਂ ਮਨਵਾਉਣ ਲਈ 14 ਮਾਰਚ ਨੂੰ ਕਰਾਂਗੇ ਦਿੱਲੀ ਕੂਚ

by jaskamal

ਪੱਤਰ ਪ੍ਰੇਰਕ : ਸੰਯੁਕਤ ਕਿਸਾਨ ਮੋਰਚੇ ਦੀ ਅੱਜ ਲੁਧਿਆਣਾ ਵਿਖੇ ਅਹਿਮ ਬੈਠਕ ਹੋਈ। ਇਸ ਬੈਠਨ ਵਿੱਚ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ ਜੇਕਰ ਕਿਸਾਨ ਆਗੂਆਂ ਨੂੰ 14 ਮਾਰਚ ਨੂੰ ਦਿੱਲੀ ਦੇ ਵਿੱਚ ਹੋਣ ਜਾ ਰਹੀ ਮਹਾਂ ਪੰਚਾਇਤ ਦੇ ਲਈ ਰੋਕਿਆ ਗਿਆ ਤਾਂ ਅਸੀਂ ਉੱਥੇ ਹੀ ਪ੍ਰਦਰਸ਼ਨ ਕਰਾਂਗੇ। ਜੇਕਰ ਟ੍ਰੇਨ ਉੱਤੇ ਜਾਂਦੇ ਰੋਕਿਆ ਤਾਂ ਰੇਲ ਦੀ ਪੱਟੜੀਆਂ ਉੱਤੇ ਕਿਸਾਨ ਬੈਠ ਜਾਣਗੇ। ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਪਹੁੰਚ ਰਹੇ ਹਨ ਅਤੇ ਵੱਡੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ।

ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਦਿੱਲੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਹੈ। ਜੇਕਰ ਸਾਨੂੰ ਰੋਕਿਆ ਗਿਆ ਤਾਂ ਅਸੀਂ ਉੱਥੇ ਹੀ ਰੁਕ ਕੇ ਟ੍ਰੇਨਾਂ ਜਾਮ ਕਰਾਂਗੇ। 14 ਮਾਰਚ ਨੂੰ ਵੱਡੇ ਇਕੱਠ ਦੇ ਵਿੱਚ ਫਿਰ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਜੋ ਦੁਰਵਿਹਾਰ ਕਰ ਰਹੀ ਹੈ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਐਮਐਸਪੀ ਦੀ ਮੰਗ ਨੂੰ ਠੇਕੇ ਦੇ ਵਿੱਚ ਬਦਲਣ ਦੇ ਤੌਰ ਤਰੀਕੇ ਅਪਣਾਉਣ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਪੰਜ ਫਸਲਾਂ ਉੱਤੇ ਜੋ ਐਮਐਸਪੀ ਦਿੱਤੀ ਜਾ ਰਹੀ ਹੈ ਉਹ ਕੋਂਟਰੈਕਟ ਫਾਰਮਿੰਗ ਉੱਤੇ ਦਿੱਤੀ ਜਾ ਰਹੀ ਹੈ। ਕਿਸਾਨ ਪਹਿਲਾਂ ਹੀ ਇਹ ਕਰਕੇ ਵੇਖ ਚੁੱਕਾ ਹੈ ਪਰ ਉਸ ਨੂੰ ਵਾਜਿਬ ਕੀਮਤ ਨਹੀਂ ਮਿਲਦੀ, ਅਸੀਂ ਕੋਰਟਾਂ ਦੇ ਚੱਕਰ ਨਹੀਂ ਲਗਾ ਸਕਦੇ। ਉਹਨਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਹਰਿਆਣੇ ਦੇ ਬਾਰਡਰ ਉੱਤੇ ਬੈਠੀਆਂ ਹਨ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਨਕਾਰ ਦਿੱਤਾ ਸੀ।