ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ਦੌਰਾਨ ਪਾਸ ਹੋਏ ਇਹ ਮਤੇ

by jaskamal

ਨਿਊਜ਼ ਡੈਸਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਅਹਿਮ ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਵੱਖ-ਵੱਖ ਮਤਿਆਂ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨਗੀ ਦਿੱਤੀ। ਪਾਸ ਕੀਤੇ ਗਏ ਇਨ੍ਹਾਂ ਮਤਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਛੇੜ-ਛਾੜ ਕਰ ਕੇ ਛਾਪਣ ਦੀ ਨਿੰਦਾ, ਗੁਰਮੁੱਖੀ ਲਿਪੀ ਦਿਵਸ ਮਨਾਉਣ, ਸ੍ਰੀ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤੇ ਖੁੱਲ੍ਹੇ ਸਮੇਤ ਹੋਰ ਸਿੱਖ ਮਸਲੇ ਸ਼ਾਮਲ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਛੇੜ-ਛਾੜ ਕਰਕੇ ਛਾਪਣ ਅਤੇ ਵੈੱਬਸਾਈਟਾਂ ’ਤੇ ਅਪਲੋਡ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਜਨਰਲ ਇਜਲਾਸ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਮਾਮਲੇ ’ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਵੱਖ-ਵੱਖ ਮੋਬਾਇਲ ਐਪਸ ਅਤੇ ਵੈੱਬਸਾਈਟਾਂ ’ਤੇ ਆਪਣੀ ਮਰਜ਼ੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਵੱਖ-ਵੱਖ ਪਾਵਨ ਬਾਣੀਆਂ ਅਪਲੋਡ ਕਰਨ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਤੇ ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਗਈ।

ਜਨਰਲ ਇਜਲਾਸ ਦੌਰਾਨ ਪਾਸ ਕੀਤੇ ਗਏ ਇਕ ਮਤੇ 'ਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਵੱਖ-ਵੱਖ ਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਦੀ ਪੁਰਜ਼ੋਰ ਮੰਗ ਕੀਤੀ ਗਈ। ਕਿਹਾ ਗਿਆ ਕਿ ਵੱਖ-ਵੱਖ ਦੇਸ਼ਾਂ 'ਚ 50 ਲੱਖ ਦੇ ਕਰੀਬ ਸਿੱਖ ਵੱਸਦੇ ਹਨ, ਜਿਨ੍ਹਾਂ ਨੂੰ ਪੰਜਾਬ ਤੋਂ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਲੈ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮਸਲੇ ’ਤੇ ਸੰਜੀਦਾ ਪਹੁੰਚ ਅਪਣਾਏ ਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪੀ ਦੇਸ਼, ਨਿਊਜ਼ੀਲੈਂਡ ਆਦਿ ਲਈ ਸਿੱਧੀਆਂ ਉਡਾਣਾਂ ਚਾਲੂ ਕਰਨ ਦਾ ਫੈਸਲਾ ਲਵੇ। ਇਸੇ ਤਰ੍ਹਾਂ ਇਕ ਮਤੇ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵੱਖ-ਵੱਖ ਰਸਤਿਆਂ ਨੂੰ ਖੁਲ੍ਹਾ ਕਰਨ ਅਤੇ ਸਿੱਖ ਵਿਰਾਸਤੀ ਦਿੱਖ ਦੇਣ ਦੀ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ।

ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਨੂੰ ਸਿੱਖ ‘ਵਿਰਾਸਤੀ ਸ਼ਹਿਰ’ ਵਜੋਂ ਵਿਕਸਤ ਕਰੇ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ 100 ਸਾਲਾ ਸ਼ਤਾਬਦੀ ਮਨਾਉਣ ਅਤੇ ਇਸ ਮੌਕੇ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ  ਲਈ ਪ੍ਰਵਾਨਗੀ ਦੇਣ ਸਬੰਧੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਇਕ ਮਤੇ ਰਾਹੀਂ ਅਪੀਲ ਕੀਤੀ ਗਈ ਹੈ। ਇਹ ਸ਼ਤਾਬਦੀ 30 ਅਕਤੂਬਰ 2022 ਨੂੰ ਮਨਾਈ ਜਾਣੀ ਹੈ, ਜਿਸ ’ਤੇ ਭਾਰਤ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਸਮਾਗਮ ਕੀਤੇ ਜਾਣਗੇ।

ਜਨਰਲ ਇਜਲਾਸ ਵੱਲੋਂ ਅੰਮ੍ਰਿਤਧਾਰੀ ਗੁਰਸਿੱਖ ਬੱਚੀਆਂ ਨੂੰ ਉਚੇਰੀ ਵਿੱਦਿਆ ਦੇਣ ਲਈ ਵਚਨਬਧਤਾ ਪ੍ਰਗਟਾਉਂਦਾ ਇਕ ਮਤਾ ਪਾਸ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਪਹਿਲਾਂ ਹੀ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ 200 ਅੰਮ੍ਰਿਤਧਾਰੀ ਬੱਚੀਆਂ ਨੂੰ ਦਿੱਤੀ ਜਾ ਰਹੀ ਮੁਫ਼ਤ ਵਿਦਿਆ ਦੀ ਤਰਜ਼ ’ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 200 ਅੰਮ੍ਰਿਤਧਾਰੀ ਗੁਰਸਿੱਖ ਬੱਚੀਆਂ ਨੂੰ ਮੁਫ਼ਤ ਵਿਦਿਆ, ਰਿਹਾਇਸ਼ ਅਤੇ ਖਾਣਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਤਰਨ ਤਾਰਨ ਵਿਖੇ ਤਿੰਨ ਮੈਡੀਕਲ ਸਟੋਰ ਖੋਲ੍ਹੇ ਜਾਣਗੇ, ਜਿਥੋਂ ਲਾਗਤ ਕੀਮਤ ’ਤੇ ਲੋੜਵੰਦਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।

More News

NRI Post
..
NRI Post
..
NRI Post
..