ਪੰਜਾਬ ‘ਚ ਕੋਰੋਨਾ ਕਾਰਨ ਲੱਗਿਆ ਪਾਬੰਦੀਆਂ ਦੀ ਮਿਆਦ ਵਧੀ ਹੁਣ ਇਸ ਤਰੀਕ ਤਕ ਲਾਗੂ ਰਹਿਣਗੀਆਂ ਪਾਬੰਦੀਆਂ

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਲਾਈ ਗਈ ਪਾਬੰਦੀਆਂ ਨੂੰ 10 ਅਪ੍ਰੈਲ ਤਕ ਵਧਾ ਦਿੱਤਾ ਹੈ।ਸੂਬੇ ਵਿਚ ਯੂ.ਕੇ. ਸਟਰੇਨ ਦੇ ਜ਼ਿਆਦਾ ਪਾਏ ਜਾਣ ਨਾਲ ਕੋਵਿਡ ਕੇਸਾਂ ਅਤੇ ਮੌਤਾਂ ਦੀ ਲਗਾਤਾਰ ਵੱਧਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੋਵਿਡ ਕਾਰਨ ਲਾਈਆਂ ਬੰਦਿਸ਼ਾਂ ਨੂੰ ਅੱਗੇ 10 ਅਪਰੈਲ ਤੱਕ ਵਧਾਉਣ ਦੇ ਹੁਕਮ ਦਿੱਤੇ ਹਨ ਜੋ ਪਹਿਲਾਂ 31 ਮਾਰਚ ਤਕ ਪਾਬੰਦੀ ਲਗਾਈ ਗਈ ਸੀ।

ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਵੀ ਤਰਜੀਹੀ ਵਰਗਾਂ ਨੂੰ ਜ਼ਰੂਰੀ ਆਧਾਰ 'ਤੇ ਨਿਸ਼ਾਨਾ ਬਣਾਉਣ ਲਈ ਟੀਕਾਕਰਨ ਥਾਵਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਗਏ।ਸੂਬੇ 'ਚ ਸਕੂਲ-ਕਾਲਜ 10 ਅਪ੍ਰੈਲ ਤਕ ਨਹੀਂ ਖੋਲ੍ਹੇ ਜਾ ਸਕਣਗੇ। ਨਾਈਟ ਕਰਫਿਊ ਵੀ ਜਾਰੀ ਰਹੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫ਼ੈਸਲਾ ਮੰਗਲਵਾਰ ਨੂੰ ਕੋਵਿਡ ਮਾਮਲਿਆਂ ਦੀ ਸਮੀਖਿਆ ਕਰਦਿਆਂ ਲਿਆ।

ਪੰਜਾਬ ਸਰਕਾਰ ਨੇ ਜੇਲ੍ਹਾਂ 'ਚ ਵੀ ਕੋਵਿਡ ਵੈਕਸੀਨੇਸ਼ਨ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਨਾਭਾ ਓਪਨ ਜੇਲ੍ਹ 'ਚ 40 ਔਰਤਾਂ ਕੈਦੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਲਿਆ ਗਿਆ ਹੈ। ਉੱਥੇ ਭੀੜ ਵਾਲੇ ਇਲਾਕਿਆਂ 'ਚ ਮੋਬਾਈਲ ਵੈਨ ਰਾਹੀਂ ਵੈਕਸੀਨੇਸ਼ਨ 'ਤੇ ਜ਼ੋਰ ਦਿੱਤਾ ਜਾਵੇਗਾ। ਇਹ ਮੋਬਾਈਲ ਵੈਨ ਪੁਲਿਸ ਲਾਈਨ, ਕਾਲਜ ਯੂਨੀਵਰਸਿਟੀ, ਰੇਲਵੇ ਸਟੇਸ਼ਨ, ਬੱਸ ਸਟੈਂਡ, ਬਾਜ਼ਾਰ ਆਦਿ 'ਚ ਤਾਇਨਾਤ ਕੀਤੇ ਜਾਣਗੇ।

ਸੂਬੇ 'ਚ ਯੂਕੇ ਵੈਰੀਏਂਟ ਦੇ 85 ਮਾਮਲੇ ਸਾਹਮਣੇ ਆਏ ਹਨ। ਪਹਿਲਾਂ 401 ਸੈਂਪਲ 'ਚੋਂ 326 ਕੇਸ ਆਏ ਸਨ। ਬਾਅਦ 'ਚ 95 ਸੈਂਪਲ ਹੋਰ ਭੇਜੇ ਗਏ ਸਨ, ਜਿਨ੍ਹਾਂ 'ਚ 85 'ਚ ਯੂਕੇ ਵੈਰੀਏਂਟ ਪਾਇਆ ਗਿਆ ਹੈ।