ਬਾਇਡਨ ਪ੍ਰਸ਼ਾਸਨ ’ਚ ਹੁਣ ਤੱਕ 55 ਭਾਰਤੀ ਮੂਲ ਦੇ ਲੋਕ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ’ਚ ਵੱਡੀ ਗਿਣਤੀ ਭਾਰਤੀ-ਅਮਰੀਕੀਆਂ ਨੂੰ ਸ਼ਾਮਲ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਦੇਸ਼ ’ਚ ਦਬਦਬਾ ਵਧਿਆ ਹੈ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ 50 ਦਿਨ ਅੰਦਰ ਹੀ ਬਾਇਡਨ ਨੇ ਆਪਣੇ ਪ੍ਰਸ਼ਾਸਨ ’ਚ ਮਹੱਤਵਪੂਰਨ ਅਹੁਦਿਆਂ ’ਤੇ ਭਾਰਤੀ ਮੂਲ ਦੇ ਘੱਟ ਤੋਂ ਘੱਟ 55 ਜਣਿਆਂ ਨੂੰ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਦਾ ਭਾਸ਼ਣ ਲਿਖਣ ਤੋਂ ਲੈ ਕੇ ਪੁਲਾੜ ਏਜੰਸੀ ਨਾਸਾ ਤੱਕ ਸਰਕਾਰ ਦੇ ਹਰ ਵਿਭਾਗ ’ਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਨਿਯੁਕਤੀ ਹੋਈ ਹੈ।

ਮੰਗਲ ਗ੍ਰਹਿ ਦੀ ਸਤਹਿ ’ਤੇ ਪਰਜ਼ਵਰੈਂਸ ਰੋਵਰ ਉਤਾਰਨ ਦੀ ਮੁਹਿੰਮ ’ਚ ਸ਼ਾਮਲ ਨਾਸਾ ਦੇ ਵਿਗਿਆਨੀ ਨਾਲ ਡਿਜੀਟਲ ਢੰਗ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ, ‘ਭਾਰਤੀ ਮੂਲ ਕੇ ਅਮਰੀਕੀਆਂ ਦਾ ਦੇਸ਼ ’ਚ ਦਬਦਬਾ ਵਧਿਆ ਹੈ। ਤੁਸੀਂ (ਸਵਾਤੀ ਮੋਹਨ), ਉਪ ਰਾਸ਼ਟਰਪਤੀ (ਕਮਲਾ ਹੈਰਿਸ) ਅਤੇ ਮੇਰੇ ਭਾਸ਼ਣ ਲੇਖਕ (ਵਿਨੈ ਰੈੱਡੀ) ਹਨ।’ ਸਵਾਤੀ ਮੋਹਨ ਨੇ ਨਾਸਾ ਦੀ ਮੰਗਲ-2020 ਮੁਹਿੰਮ ’ਚ ਦਿਸ਼ਾ ਨਿਰਦੇਸ਼, ਦਿਸ਼ਾ ਸੂਚਕ ਅਤੇ ਕੰਟਰੋਲ ਮੁਹਿੰਮ ਦੀ ਅਗਵਾਈ ਕੀਤੀ ਹੈ। ਬਾਇਡਨ ਵੱਲੋਂ ਆਪਣੇ ਪ੍ਰਸ਼ਾਸਨ ’ਚ ਨਿਯੁਕਤ ਕੀਤੇ ਗਏ ਘੱਟ ਤੋਂ ਘੱਟ 55 ਭਾਰਤੀ ਮੂਲ ਦੇ ਵਿਅਕਤੀਆਂ ’ਚੋਂ ਅੱਧੀ ਗਿਣਤੀ ਮਹਿਲਾਵਾਂ ਦੀ ਹੈ ਅਤੇ ਇਹ ਵ੍ਹਾਈਟ ਹਾਊਸ ’ਚ ਕੰਮ ਕਰ ਰਹੀਆਂ ਹਨ।

ਇਸੇ ਦੌਰਾਨ ਸਵਾਤੀ ਮੋਹਨ ਨੇ ਬਾਇਡਨ ਨਾਲ ਗੱਲ ਕਰਦਿਆਂ ਕਿਹਾ ਕਿ ਨਾਸਾ ’ਚ ਆਉਣ ਦਾ ਰਾਹ ਉਸ ਸਮੇਂ ਖੁੱਲ੍ਹ ਗਿਆ ਸੀ ਜਦੋਂ ਉਸ ਨੇ ਬਚਪਨ ’ਚ ‘ਸਟਾਰ ਟਰੈਕ’ ਦੀ ਪਹਿਲੀ ਲੜੀ ਦੇਖੀ ਸੀ।