ਸੱਤ ਦਿਨ ਪਹਿਲਾਂ ਲਾਪਤਾ ਹੋਏ ਮਾਂ-ਪੁੱਤ ਦੀਆਂ ਲਾਸ਼ਾਂ ਨਹਿਰ ‘ਚੋਂ ਬਰਾਮਦ

by NRI Post

ਲੋਹਟਬੱਦੀ : 7 ਦਿਨ ਪਹਿਲਾਂ ਲਾਪਤਾ ਹੋਏ ਮਾਂ-ਪੁੱਤ ਦੀਆਂ ਲਾਸ਼ਾਂ ਪੁਲਿਸ ਨੇ ਨਹਿਰ 'ਚੋਂ ਬਰਾਮਦ ਕਰ ਲਈਆਂ। ਮਿ੍ਤਕਾ ਆਪਣੀ ਬਿਮਾਰ ਮਾਂ ਦਾ ਪਤਾ ਲੈਣ ਲਈ ਪੁੱਤ ਨਾਲ ਗਈ ਸੀ। ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਬੜੂੰਦੀ ਦੀ ਵਸਨੀਕ ਰਾਜਵੰਤ ਕੌਰ (36) ਪਤਨੀ ਜਗਵੰਤ ਸਿੰਘ ਆਪਣੇ 7 ਸਾਲਾ ਬੇਟੇ ਅਭੀਜੋਤ ਸਿੰਘ ਨਾਲ 19 ਮਾਰਚ ਨੂੰ ਸਵੇਰੇ 11 ਵਜੇ ਦੇ ਕਰੀਬ ਆਪਣੇ ਪੇਕੇ ਪਿੰਡ ਤਲਵੰਡੀ ਖੁਰਦ ਵਿਖੇ ਆਪਣੀ ਮਾਂ ਦੀ ਖ਼ਬਰ ਲੈਣ ਲਈ ਗਈ ਸੀ ਪਰ ਉਹ ਨਾ ਤਾਂ ਆਪਣੇ ਪੇਕੇ ਪਿੰਡ ਪਹੁੰਚੀ ਤੇ ਨਾ ਹੀ ਸਹੁਰੇ ਘਰ ਵਾਪਸ ਪਰਤੀ। 

ਪਰਿਵਾਰਕ ਮੈਂਬਰਾਂ ਵੱਲੋਂ ਕਾਫੀ ਭਾਲ ਕਰਨ ਉਪਰੰਤ ਉਸ ਦੀ ਗੁਮਸ਼ੁਦਗੀ ਸਬੰਧੀ ਪੁਲਿਸ ਚੌਕੀ ਲੋਹਟਬੱਦੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ। ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਨੇ ਰਾਜਵੰਤ ਕੌਰ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਉਹ ਰਾੜਾ ਸਾਹਿਬ ਇਲਾਕੇ ਦੀ ਨਿਕਲੀ, ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਰਾੜਾ ਸਾਹਿਬ ਇਲਾਕੇ 'ਚ ਭਾਲ ਕੀਤੀ ਤਾਂ ਪਿੰਡ ਖਟੜਾ ਨੇੜੇ ਨਹਿਰ 'ਚੋਂ ਅਭੀਜੋਤ ਦੀ ਲਾਸ਼ ਤੈਰਦੀ ਦਿਖਾਈ ਦਿੱਤੀ। ਆਲੇ-ਦੁਆਲੇ ਹੋਰ ਭਾਲ ਕਰਨ 'ਤੇ ਉਸ ਦੀ ਮਾਂ ਦੀ ਵੀ ਲਾਸ਼ ਬਰਾਮਦ ਹੋ ਗਈ। ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਮਿ੍ਤਕਾ ਦੇ ਪਤੀ ਜਗਵੰਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।