
ਗੁਰਦਾਸਪੁਰ (ਰਾਘਵ) : ਬੁੱਧਵਾਰ ਨੂੰ ਸ਼ਹਿਰ ਦੇ ਮੇਹਰ ਚੰਦ ਰੋਡ ਤੇ ਸਥਿਤ ਡਰੇਨ ’ਚੋਂ ਇੱਕ 45 ਸਾਲਾਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਲਾਸ਼ ਦੀ ਸੂਚਨਾ ਮਿਲਣ ਤੇ ਸਿਟੀ ਥਾਣੇ ਦੇ ਐੱਸਐੱਚਓ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ। ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਬੈਂਡ ਵਜਾਉਣ ਦਾ ਕੰਮ ਕਰਦਾ ਸੀ। ਉਸਦੀ ਜੇਬ ਵਿੱਚੋਂ ਇੱਕ ਭਜਨ ਮੰਡਲੀ ਦਾ ਕਾਰਡ ਵੀ ਬਰਾਮਦ ਹੋਇਆ। ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸੇ ਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਸੀ ਕਿ ਉਕਤ ਡਰੇਨ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ਤੇ ਪਹੁੰਚ ਗਏ। ਲਾਸ਼ ਨੂੰ ਡਰੇਨ ਵਿੱਚੋਂ ਬਾਹਰ ਕੱਢਿਆ ਗਿਆ। ਆਸ-ਪਾਸ ਦੇ ਲੋਕਾਂ ਤੋਂ ਵੀ ਉਸ ਵਿਅਕਤੀ ਦੀ ਪਛਾਣ ਕਰਨ ਦ ਕੋਸ਼ਿਸ਼ ਕੀਤੀ ਗਈਪਰ ਕੋਈ ਵੀ ਉਸ ਦੀ ਪਛਾਣ ਨਹੀਂ ਕਰ ਸਕਿਆ। ਮ੍ਰਿਤਕ ਦੁਆਰਾ ਪਹਿਨੇ ਗਏ ਕੱਪੜਿਆਂ ਤੋਂ ਇਹ ਜਾਪਦਾ ਹੈ ਕਿ ਉਹ ਇੱਕ ਬੈਂਡ ਵਜਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਸ਼ਾਇਦ ਕੋਈ ਨਸ਼ੀਲੀ ਚੀਜ਼ ਖਾਣ ਤੋਂ ਬਾਅਦ ਮ੍ਰਿਤਕ ਬਾਥਰੂਮ ਗਿਆ ਹੋਵੇਗਾ ਅਤੇ ਉਹ ਡਿੱਗ ਪਿਆ ਹੋਵੇਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਤਲਾਸ਼ੀ ਦੌਰਾਨ ਉਸ ਕੋਲੋਂ 100 ਰੁਪਏ ਦਾ ਨੋਟ, ਇੱਕ ਸਿੱਕਾ, ਚਾਬੀਆਂ ਅਤੇ ਇੱਕ ਭਜਨ ਮੰਡਲੀ ਦਾ ਕਾਰਡ ਬਰਾਮਦ ਹੋਇਆ। ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।