ਨਹਿਰ ‘ਚੋਂ ਬਰਾਮਦ ਹੋਈ ਨੌਜਵਾਨ ਦੀ ਲਾਸ਼, ਸਿਰ ਤੋਂ ਧੜ ਕੀਤਾ ਹੋਇਆ ਸੀ ਵੱਖ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੋਰਾਹਾ ਪੁਲਿਸ ਨੇ ਬੇਰਹਿਮੀ ਨਾਲ ਕਤਲ ਕਰਕੇ ਨਹਿਰ 'ਚ ਸੁੱਟੀ 24 ਸਾਲਾ ਨੋਜਵਾਨ ਦੀ ਲਾਸ਼ ਨੂੰ ਰਾੜਾ ਸਾਹਿਬ ਵੱਲ ਜਾਂਦੀ ਕੱਚੀ ਨਹਿਰ 'ਚੋਂ ਪਿੰਡ ਬੁਆਣੀ ਨੇੜਿਓਂ ਬਰਾਮਦ ਕੀਤਾ ਹੈ। ਰਾਹਗੀਰਾਂ ਨੇ ਪਾਣੀ ‘ਚ ਲਾਸ਼ ਤੈਰਦੀ ਵੇਖੀ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ, ਜਿਸ ‘ਤੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਦੀ ਪਛਾਣ ਕਰਨ ਲਈ ਮੌਕੇ ‘ਤੇ ਬੁਲਾ ਲਿਆ।

ਐੱਸ. ਐੱਚ. ਓ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਭਰਾ ਸਤਨਾਮ ਸਿੰਘ ਇੱਕ ਪ੍ਰਾਈਵੇਟ ਫੈਕਟਰੀ ‘ਚ ਕੰਮ ਕਰਦਾ ਸੀ ਤੇ ਉਸਨੇ ਆਪਣੇ ਕੰਮ ਤੋਂ ਛੁੱਟੀ ਕੀਤੀ ਸੀ ਅਤੇ ਘਰ ਵਿੱਚ ਰਹਿ ਗਿਆ ਸੀ, ਜਦੋਂ ਕਿ ਉਹ ਆਪਣੀ ਘਰਵਾਲੀ ਹੈਪੀ ਅਤੇ ਦੋਵੇ ਬੱਚਿਆਂ ਨੂੰ ਲੈ ਕੇ ਉਸ ਦਿਨ ਆਪਣੀ ਰਿਸ਼ਤੇਦਾਰੀ ਵਿੱਚ ਚਲਾ ਗਿਆ ਸੀ। ਜਦੋ ਉਹ ਘਰ ਆਇਆ ਤਾਂ ਉਸਦੀ ਮਾਤਾ ਜਰਨੈਲ ਕੌਰ ਨੇ ਦੱਸਿਆ ਕਿ ਸਤਨਾਮ ਸਿੰਘ ਆਪਣਾ ਸਾਰਾ ਸਮਾਨ ਘਰ ਰੱਖ ਕੇ ਘਰੋਂ ਰੇਲਵੇ ਲਾਈਨ ਵੱਲ ਚਲਾ ਗਿਆ ਸੀ ਅਤੇ ਮੁੜ ਘਰ ਵਾਪਸ ਨਹੀ ਪਰਤਿਆ।

ਹਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਭਰਾ ਸਤਨਾਮ ਸਿੰਘ ਦਾ ਕਿਸੇ ਰੰਜਿਸ਼ ਦੇ ਚੱਲਦਿਆਂ ਨਾ ਮਾਲੂਮ ਵਿਅਕਤੀ/ਵਿਅਕਤੀਆਂ ਨੇ ਬੜੀ ਬੇਰਹਿਮੀ ਨਾਲ ਕਤਲ ਕਰਕੇ ਸ਼ਰੀਰ ਤੋਂ ਧੜ ਨੂੰ ਵੱਖ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।