ਧਮਾਕਿਆਂ ਨਾਲ ਦੇਹਕਿਆਂ ਪਾਕਿਸਤਾਨ ,ਹਾਫਿਜ਼ ਸਈਦ ਦੇ ਘਰ ਦੇ ਨੇੜੇ ਵੀ ਧਮਾਕਾ

by vikramsehajpal

ਲਾਹੌਰ (ਦੇਵ ਇੰਦਰਜੀਤ) : ਪੰਜਾਬ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ ਤੇ ਖੁਫੀਆ ਏਜੰਸੀਆਂ ਨੇ ਘਟਨਾ ਸਥਾਨ ਤੋਂ ਸਬੂਤ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਬਾਲ ਬੇਅਰਿੰਗ, ਲੋਹੇ ਦੇ ਟੁਕੜੇ ਤੇ ਵਾਹਨ ਦੇ ਹਿੱਸੇ ਮਿਲੇ ਹਨ। ਏਜੰਸੀਆਂ ਨੇ ਇਲਾਕੇ ’ਚ ‘ਜਿਓ ਫੈਂਸਿੰਗ’ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਜਾਂਚ ’ਚ ਮਦਦ ਮਿਲ ਸਕੇ। ‘ਜਿਓ ਫੈਂਸਿੰਗ’ ’ਚ ਜੀ. ਪੀ. ਐੱਸ. ਰਾਹੀਂ ਡਿਜੀਟਲ ਭੂਗੌਲਿਕ ਹੱਦ ਬਣਾਈ ਜਾਂਦੀ ਹੈ ਤੇ ਇਕ ਸਾਫਟਵੇਅਰ ਰਾਹੀਂ ਉਸ ਖੇਤਰ ’ਚ ਕਿਸੇ ਮੋਬਾਈਲ ਯੰਤਰ ਦੇ ਦਾਖਲੇ ਤੇ ਬਾਹਰ ਨਿਕਲਣ ਦਾ ਪਤਾ ਲਗਾਇਆ ਜਾਂਦਾ ਹੈ।

ਪਾਕਿਸਤਾਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਪੰਜਾਬ ਸੂਬੇ ਦੇ ਵੱਖ-ਵੱਖ ਸ਼ਹਿਰਾਂ ’ਚ ਛਾਪੇਮਾਰੀ ਕੀਤੀ ਤੇ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਧਮਾਕਾ ਮਾਮਲੇ ’ਚ ਇਕ ਈਸਾਈ ਸਮੇਤ 2 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ।

71 ਸਾਲਾ ਕੱਟੜਪੰਥੀ ਮੌਲਾਨਾ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ ’ਚ ਅੱਤਵਾਦ ਦੀ ਮਾਲੀ ਸਹਾਇਤਾ ਦੇ ਜੁਰਮ ’ਚ ਸਜ਼ਾ ਕੱਟ ਰਿਹਾ ਹੈ। ਧਮਾਕੇ ਨਾਲ ਅਫਵਾਹ ਫੈਲ ਗਈ ਸੀ ਕਿ ਸਈਦ ਘਰ ’ਚ ਮੌਜੂਦ ਸੀ। ਇਸ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਚਿਤਾਵਨੀ ਦਿੱਤੀ ਕਿ ਪਾਕਿਸਤਾਨ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀ ‘ਗਲਤ ਅਫਗਾਨ ਨੀਤੀ’ ਕਾਰਣ ਅਜਿਹੇ ਹਮਲਿਆਂ ’ਚ ਵਾਧਾ ਹੋ ਸਕਦਾ ਹੈ।ਅੱਤਵਾਦੀ ਹਾਫਿਜ਼ ਸਈਦ ਦੇ ਘਰ ਨੇੜੇ ਹੋਏ ਬੰਬ ਧਮਾਕੇ ਤੋਂ ਘਬਰਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਫੀਆ ਏਜੰਸੀ ਆਈ. ਐੱਸ. ਆਈ. ਦਫਤਰ ਪਹੁੰਚ ਕੇ ਅਧਿਕਾਰੀਆਂ ਨੂੰ ਝਿੜਕਿਆ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇ ਹਾਫਿਜ਼ ਸਈਦ ਦੇ ਘਰ ਦੇ ਨੇੜੇ ਬੰਬ ਧਮਾਕਾ ਹੋ ਸਕਦਾ ਹੈ ਤਾਂ ਫਿਰ ਪੂਰਾ ਪਾਕਿਸਤਾਨ ਕਿਵੇਂ ਸੁਰੱਖਿਅਤ ਮੰਨਿਆ ਜਾ ਸਕਦਾ ਹੈ।ਲਾਹੌਰ ਪੁਲਸ ਅਨੁਸਾਰ 30 ਕਿੱਲੋਗ੍ਰਾਮ ਧਮਾਕੇ ਨਾਲ ਹਾਫਿਜ਼ ਸਈਦ ਦਾ ਘਰ ਉਡਾਉਣ ਦੀ ਯੋਜਨਾ ਸੀ। ਧਮਾਕੇ ਨਾਲ ਘਟਨਾ ਸਥਾਨ ’ਤੇ 3 ਫੁੱਟ ਡੂੰਘਾ ਤੇ 8 ਫੁੱਟ ਚੌੜਾ ਟੋਇਆ ਪੈ ਗਿਆ।