ਕੈਨੇਡੀਅਨ ਫੈਡਰਲ ਸਰਕਾਰ ਵੱਲੋਂ ਕੈਨੇਡਾ ਦੇ ਪਹਿਲੇ ਮੁਕਤੀ ਦਿਵਸ ਨੂੰ ਮਾਨਤਾ

by vikramsehajpal

ਟੋਰਾਂਟੋ (ਦੇਵ ਇੰਦਰਜੀਤ) : ਐਤਵਾਰ ਨੂੰ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਕੈਨੇਡਾ ਦੇ ਪਹਿਲੇ ਮੁਕਤੀ ਦਿਵਸ ਨੂੰ ਮਾਨਤਾ ਦਿੱਤੀ ਗਈ।ਇਸ ਦਿਨ ਬ੍ਰਿਟਿਸ਼ ਹਕੂਮਤ ਵੱਲੋਂ ਆਪਣੀਆਂ ਪੁਰਾਣੀਆਂ ਕਲੋਨੀਆਂ ਵਿੱਚੋਂ ਕਈ ਮਿਲੀਅਨ ਅਫਰੀਕੀ ਲੋਕਾਂ ਤੇ ਉਨ੍ਹਾਂ ਦੇ ਵੰਸ਼ਜਾਂ ਲਈ ਗੁਲਾਮੀ ਪ੍ਰਥਾ ਨੂੰ ਖ਼ਤਮ ਕੀਤਾ ਗਿਆ।

ਬਲੈਕ ਨੀਤੀਘਾੜਿਆਂ ਤੇ ਕਮਿਊਨਿਟੀ ਦੇ ਪੈਰੋਕਾਰਾਂ ਵੱਲੋਂ ਕਈ ਸਾਲਾਂ ਤੱਕ ਇਸ ਦਿਨ ਨੂੰ ਮਾਨਤਾ ਦੇਣ ਲਈ ਮੁਹਿੰਮ ਚਲਾਈ ਗਈ। ਮਾਰਚ ਵਿੱਚ ਫੈਡਰਲ ਸਰਕਾਰ ਨੇ ਸਰਬਸੰਮਤੀ ਨਾਲ ਮੁਕਤੀ ਦਿਵਸ ਨੂੰ ਮਾਨਤਾ ਦੇਣ ਦੇ ਹੱਕ ਵਿੱਚ ਵੋਟ ਪਾਈ। ਪਹਿਲੀ ਅਗਸਤ, 1834 ਉਹ ਤਰੀਕ ਸੀ ਜਦੋਂ ਅੱਪਰ ਤੇ ਲੋਅਰ ਕੈਨੇਡਾ ਸਮੇਤ ਪੁਰਾਣੀਆਂ ਬ੍ਰਿਟਿਸ਼ ਕਲੋਨੀਆਂ ਵਿੱਚੋਂ ਗੁਲਾਮੀ ਪ੍ਰਥਾ ਨੂੰ ਖ਼ਤਮ ਕਰਨ ਲਈ ਐਕਟ ਲਾਗੂ ਕੀਤਾ ਗਿਆ। ਲੱਗਭਗ 200 ਸਾਲ ਪਹਿਲਾਂ ਇਸ ਐਕਟ ਦੇ ਅਮਲ ਵਿੱਚ ਆਉਣ ਤੋਂ ਬਾਅਦ ਅਫਰੀਕੀ ਮੂਲ ਦੇ 800,000 ਲੋਕਾਂ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤੀ ਮਿਲੀ।

ਵੱਖ-ਵੱਖ ਪ੍ਰੋਵਿੰਸਾਂ ਤੇ ਸਿਟੀਜ਼ ਵਿੱਚ ਇਸ ਮੁਕਤੀ ਦਿਵਸ ਨੂੰ ਵਿਅਕਤੀਗਤ ਤੇ ਵਰਚੂਅਲ ਸੈਰੇਮਨੀਜ਼ ਤੇ ਕਈ ਈਵੈਂਟਸ ਰਾਹੀਂ ਦੇਸ਼ ਭਰ ਵਿੱਚ ਮਨਾਇਆ ਗਿਆ। ਬਲੈਕ ਕਮਿਊਨਿਟੀ ਦੇ ਇਤਿਹਾਸਕ ਗੜ੍ਹ ਮੰਨੇ ਜਾਣ ਵਾਲੇ ਨੋਵਾ ਸਕੋਸ਼ੀਆ ਵਿੱਚ ਵੀ ਇਹ ਦਿਨ ਮਨਾਇਆ ਗਿਆ। ਨੋਵਾ ਸਕੋਸ਼ੀਆ ਤੋਂ ਇੰਡੀਪੈਂਡੈਂਟ ਸੈਨੇਟਰ ਵਾਂਡਾ ਥਾਮਸ ਬਰਨਾਰਡ, ਜਿਸ ਨੇ ਮੁਕਤੀ ਦਿਵਸ ਨੂੰ ਮਾਨਤਾ ਦਿਵਾਉਣ ਲਈ ਮੁੱਖ ਭੂਮਿਕਾ ਨਿਭਾਈ, ਨੇ ਆਨਲਾਈਨ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਕੈਨੇਡਾ ਵਿੱਚ ਬਲੈਕ ਲੋਕਾਂ ਲਈ ਅੱਜ ਦਾ ਦਿਨ ਮੀਲਪੱਥਰ ਸਿੱਧ ਹੋਇਆ ਹੈ।