ਅਗਲੇ ਹਫ਼ਤੇ ਕਦੇ ਵੀ ਕੈਪਟਨ ਵਲੋਂ ਹੋ ਸਕਦਾ ਪਾਰਟੀ ਨੂੰ ਲੈ ਐਲਾਨ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਕਦੇ ਵੀ ਵੱਡਾ ਐਲਾਨ ਕਰ ਸਕਦੇ ਹਨ। ਕਈ ਦਿਨ ਦਿੱਲੀ ’ਚ ਰਾਜਨੀਤਕ ਰਣਨੀਤੀ ਦੀ ਰੂਪ-ਰੇਖਾ ਤਿਆਰ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੋਹਾਲੀ ਦੇ ਸਿਸਵਾਂ ਫ਼ਾਰਮ ਹਾਊਸ ਪਹੁੰਚ ਗਏ ਹਨ।

ਸ਼ਨੀਵਾਰ ਨੂੰ ਉਨ੍ਹਾਂ ਨੇ ਕਈ ਨੇਤਾਵਾਂ ਨਾਲ ਵੀ ਮੁਲਾਕਾਤ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਨੇ ਆਪਣੇ ਤਮਾਮ ਕਰੀਬੀਆਂ ਨੂੰ ਸਾਫ਼ ਕਰ ਦਿੱਤਾ ਹੈ ਕਿ ਅਗਲੇ ਹਫ਼ਤੇ ਕਿਸੇ ਵੀ ਦਿਨ ਨਵੀਂ ਪਾਰਟੀ ਦਾ ਖ਼ੁਲਾਸਾ ਕਰ ਦਿੱਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ’ਤੇ ਅਜੇ ਆਪਣੇ ਪੂਰੇ ਪੱਤੇ ਨਹੀਂ ਖੋਲ੍ਹੇ ਹਨ ਪਰ ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਪਰਨੀਤ ਕੌਰ ਸਮੇਤ ਕਰੀਬੀ ਨੇਤਾ ਕਾਫ਼ੀ ਸਰਗਰਮ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਨੇ ਆਪਣੇ ਤਮਾਮ ਸਾਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਹਮਲੇ ਦਾ ਕਰਾਰਾ ਜਵਾਬ ਦੇਣ ਨੂੰ ਕਿਹਾ ਹੈ।

ਇਹੀ ਵਜ੍ਹਾ ਹੈ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਉਨ੍ਹਾਂ ਦੇ ਸਲਾਹਕਾਰ ਕੈਪਟਨ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਉੱਠਣ ਵਾਲੀ ਹਰ ਵਿਰੋਧੀ ਆਵਾਜ਼ ਦਾ ਢੁਕਵਾਂ ਜਵਾਬ ਦੇ ਰਹੇ ਹਨ। ਇਥੋਂ ਤਕ ਕਿ ਨਿਜੀ ਹਮਲਿਆਂ ਦਾ ਜਵਾਬ ਵੀ ਨਿਜੀ ਪੱਧਰ ’ਤੇ ਹੀ ਦਿੱਤਾ ਜਾ ਰਿਹਾ ਹੈ।

ਕੈਪਟਨ ਦੇ ਕਰੀਬੀਆਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਭਾਸ਼ਾ ਦੀ ਮਰਿਆਦਾ ਭੰਗ ਨਹੀਂ ਕੀਤੀ ਹੈ। ਖ਼ਾਸ ਤੌਰ ’ਤੇ ਔਰਤਾਂ ਨੂੰ ਲੈ ਕੇ ਜਵਾਬ ਦੇਣ ’ਚ ਵੀ ਉਹ ਕਾਫ਼ੀ ਨਪੇ-ਤੁਲੇ ਸ਼ਬਦਾਂ ਦਾ ਹੀ ਇਸਤੇਮਾਲ ਕਰਦੇ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਸੋਸ਼ਲ ਮੀਡੀਆ ’ਤੇ ਰਾਜਨੀਤਕ ਹਮਲਿਆਂ ਨੂੰ ਨਿਜੀ ਪੱਧਰ ਤੱਕ ਪਹੁੰਚਾ ਦਿੱਤਾ ਗਿਆ ਹੈ ਤਾਂ ਹੁਣ ਕੈਪਟਨ ਦੇ ਸਲਾਹਕਾਰ ਵੀ ਜਵਾਬ ਦੇਣ ਦਾ ਕੋਈ ਮੌਕਾ ਨਹੀਂ ਗੁਆ ਰਹੇ।

ਹਾਲਾਂਕਿ ਕੈਪਟਨ ਖੇਮੇ ਨੇ ਇਨ੍ਹਾਂ ਹਮਲਿਆਂ ਦੇ ਜਵਾਬ ’ਚ ਸਵਾਲ ਵੀ ਚੁੱਕਿਆ ਹੈ ਕਿ ਕੀ ਰਾਜਨੀਤੀ ਅਤੇ ਦੋਸਤੀ ਨੂੰ ਆਪਸ ’ਚ ਮਿਕਸ ਕਰਨਾ ਠੀਕ ਹੈ? ਬੇਸ਼ੱਕ ਇਸ ਦਾ ਜਵਾਬ ਕੈਪਟਨ ਦੇ ਵਿਰੋਧੀ ਜਿਵੇਂ ਵੀ ਦੇਣ ਪਰ ਇਕ ਗੱਲ ਸਾਫ਼ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਰਾਜਨੀਤਕ ਅਖਾੜੇ ’ਚ ਸਿੱਧੀ ਲੜਾਈ ਦੇ ਮੂਡ ’ਚ ਹਨ।