ਆਨਲਾਈਨ ਬੈਂਕਿੰਗ ਨੂੰ ਸੁਰੱਖਿਅਤ ਕਰਨ ਲਈ ਆਰਬੀਆਈ ਦੇ ਨਵੇਂ ਨਿਰਦੇਸ਼, 1 ਜਨਵਰੀ ਤੋਂ ਹੋਣਗੇ ਇਹ ਬਦਲਾਅ

by jaskamal

ਨਿਊਜ਼ ਡੈਸਕ (ਜਸਕਮਲ਼) : ਆਨਲਾਈਨ ਭੁਗਤਾਨਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸਾਰੇ ਵਪਾਰੀਆਂ ਤੇ ਭੁਗਤਾਨ ਗੇਟਵੇਜ਼ ਨੂੰ ਆਪਣੇ ਨਾਲ ਸੁਰੱਖਿਅਤ ਕੀਤੇ ਕਾਰਡਾਂ ਤੋਂ ਸੰਵੇਦਨਸ਼ੀਲ ਗਾਹਕ ਡੇਟਾ ਨੂੰ ਮਿਟਾਉਣ ਤੇ ਲੈਣ-ਦੇਣ ਕਰਨ ਲਈ ਐਨਕ੍ਰਿਪਟਡ ਟੋਕਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ। ਰਿਜ਼ਰਵ ਬੈਂਕ ਵੱਲੋਂ ਬਣਾਇਆ ਗਿਆ ਇਹ ਨਵਾਂ ਨਿਯਮ 1 ਜਨਵਰੀ 2022 ਤੋਂ ਲਾਗੂ ਹੋਵੇਗਾ।

ਬੈਂਕਾਂ ਨੇ ਵੀ ਆਪਣੇ ਗਾਹਕਾਂ ਨੂੰ ਇਸ ਬਦਲਾਅ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਹਰ ਵਾਰ ਜਦੋਂ ਤੁਸੀਂ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਕਾਰਡ ਦੇ ਪੂਰੇ ਵੇਰਵੇ ਦਰਜ ਕਰਨੇ ਪੈਣਗੇ ਜਾਂ ਟੋਕਨ ਵਿਕਲਪ ਦੀ ਚੋਣ ਕਰਨੀ ਪਵੇਗੀ। ਆਰਬੀਆਈ ਨੇ ਮਾਰਚ 2020 'ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸੀ, ਜਿਸ 'ਚ ਕਿਹਾ ਗਿਆ ਸੀ ਕਿ ਵਪਾਰੀਆਂ ਨੂੰ ਡੇਟਾ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਵੈਬਸਾਈਟਾਂ 'ਤੇ ਕਾਰਡ ਦੀ ਜਾਣਕਾਰੀ ਸਟੋਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਤੰਬਰ 2021 'ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਕੰਪਨੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਤੇ ਸਾਲ ਦੇ ਅੰਤ ਤਕ ਉਨ੍ਹਾਂ ਨੂੰ ਟੋਕਨਾਈਜ਼ ਕਰਨ ਦਾ ਵਿਕਲਪ ਦਿੱਤਾ।

1 ਜਨਵਰੀ ਤੋਂ ਕੀ ਬਦਲੇਗਾ

ਜਨਵਰੀ ਤੋਂ, ਜਦੋਂ ਤੁਸੀਂ ਕਿਸੇ ਵਪਾਰੀ ਨੂੰ ਪਹਿਲਾਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਪ੍ਰਮਾਣੀਕਰਨ (AFA) ਨਾਲ ਆਪਣੀ ਸਹਿਮਤੀ ਦੇਣੀ ਪਵੇਗੀ। ਇਕ ਵਾਰ ਪ੍ਰਮਾਣੀਕਰਨ ਹੋ ਜਾਣ ਤੋਂ ਬਾਅਦ, ਤੁਸੀਂ ਆਪਣੇ ਕਾਰਡ ਦਾ CVV ਤੇ OTP ਦਾਖਲ ਕਰ ਕੇ ਭੁਗਤਾਨ ਨੂੰ ਪੂਰਾ ਕਰਨ ਦੇ ਯੋਗ ਹੋਵੋਗੇ।