ਟੈਕਸੀ ਇੰਡਸਟਰੀ ‘ਚ ਰੈਗੂਲੇਟਰੀ ਤਬਦੀਲੀਆਂ ਕਰੇਗੀ ਸਿਟੀ ਆਫ ਟੋਰਾਂਟੋ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਸਿਟੀ ਆਫ ਟੋਰਾਂਟੋ ਵੱਲੋਂ ਟੈਕਸੀ ਇੰਡਸਟਰੀ ਦੀ ਹਾਲਤ ਨੂੰ ਸੁਧਾਰਨ ਲਈ ਕੁੱਝ ਰੈਗੂਲੇਟਰੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਇੰਡਸਟਰੀ ਨੂੰ ਕਾਫੀ ਮਦਦ ਮਿਲਣ ਦੀ ਉਮੀਦ ਹੈ।

ਕੋਵਿਡ-19 ਮਹਾਂਮਾਰੀ ਅਤੇ ਊਬਰ ਅਤੇ ਲਿਫਟ ਵਰਗੇ ਐਪਸ ਕਾਰਨ ਟੈਕਸੀ ਇੰਡਸਟਰੀ ਉੱਤੇ ਪਿਛਲੇ ਕੁੱਝ ਸਾਲਾਂ ਤੋਂ ਕਾਫੀ ਬੋਝ ਪਿਆ ਹੈ। ਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੈਕਸੀਕੈਬ ਤੇ ਲਿਮੋਜਿ਼ਨ ਇੰਡਸਟਰੀ ਉੱਤੇ ਦਬਾਅ ਕਾਫੀ ਵਧਿਆ ਹੈ। ਇਸ ਸਾਲ ਮਹਾਂਮਾਰੀ ਕਾਰਨ ਤਾਂ ਇੰਡਸਟਰੀ ਦੀਆਂ ਸੇਵਾਵਾਂ ਵਿੱਚ ਕਾਫੀ ਕਟੌਤੀ ਹੋ ਜਾਣ ਕਾਰਨ ਹਾਲਤ ਹੋਰ ਵੀ ਮਾੜੀ ਹੋ ਗਈ। ਇਸ ਲਈ ਸਿਟੀ ਵੱਲੋਂ ਇੰਡਸਟਰੀ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2021 ਦੇ ਬਜਟ ਦੇ ਹਿੱਸੇ ਵਜੋਂ ਸਿਟੀ ਕਾਊਂਸਲ ਵੱਲੋਂ ਹੇਠ ਲਿਖੀਆਂ ਰੈਗੂਲੇਟਰੀ ਤਬਦੀਲੀਆਂ ਕੀਤੀਆਂ ਜਾਣਗੀਆਂ।

  1. ਸਿਟੀ ਕਾਊਂਸਲ ਦੇ ਅਗਲੇ ਫੈਸਲੇ ਤੱਕ ਰਨਿਊਅਲ ਫੀਸ ਵਿੱਚ 50 ਫੀਸਦੀ ਕਟੌਤੀ।
  2. 2021 ਲਈ ਵ੍ਹੀਕਲ ਫੌਰ ਹਾਇਰ ਅਸੈਸੇਬਿਲਿਟੀ ਫੰਡ ਪ੍ਰੋਗਰਾਮ ਲਈ ਰੈਗੂਲੇਟਰੀ ਚਾਰਜਿਜ਼ ਵਿੱਚ ਅਸਥਾਈ ਕਟੌਤੀ।
  3. ਰਨਿਊਅਲ ਫੀਸ ਅਦਾ ਨਾ ਕੀਤੇ ਜਾਣ ਕਾਰਨ 2020 ਵਿੱਚ ਐਕਸਪਾਇਰ ਹੋ ਚੁੱਕੇ ਤੇ ਰੱਦ ਹੋ ਚੁੱਕੇ ਟੈਕਸੀਕੈਬ ਲਾਇਸੰਸਾ ਨੂੰ ਬਹਾਲ ਕਰਨ ਦੇ ਸਬੰਧ ਵਿੱਚ ਤੇ ਫੀਸ ਅਦਾਇਗੀ ਲਈ 31 ਦਸੰਬਰ, 2021 ਤੱਕ ਡੈੱਡਲਾਈਨ ਵਿੱਚ ਵਾਧਾ ਕੀਤਾ ਗਿਆ ਹੈ।
  4. 2021 ਵਿੱਚ ਰਨਿਊਅਲ ਫੀਸ ਅਦਾ ਨਾ ਕਰਨ ਲਈ ਵ੍ਹੀਕਲ ਫੌਰ ਹਾਇਰ ਲਾਇਸੰਸ ਰੱਦ ਹੋਣ ਨੂੰ ਮੁਲਤਵੀ ਕੀਤਾ ਜਾਣਾ, ਇਹ ਅਦਾਇਗੀ ਮੁਲਤਵੀ ਅਰਜ਼ੀ ਪ੍ਰਕਿਰਿਆ ਦੀ ਰਿਪੋਰਟ ਉੱਤੇ ਅਧਾਰਤ ਹੈ।
  5. ਸਿਟੀ ਦਾ ਕਹਿਣਾ ਹੈ ਕਿ ਇਸ 2.47 ਮਿਲੀਅਨ ਡਾਲਰ ਦੀ ਮਦਦ ਨਾਲ 8,670 ਡਰਾਈਵਰਾਂ ਦੀ ਮਦਦ ਹੋਵੇਗੀ।