ਕੈਨੇਡਾ ‘ਚ ਚੱਲ ਰਹੇ ਪ੍ਰਦਰਸ਼ਨ ਨੂੰ ਲੈ ਕੇ ਅਦਾਲਤ ਹੋਈ ਸਖ਼ਤ, ਦਿੱਤੇ ਇਹ ਹੁਕਮ

by jaskamal

ਕੈਨੇਡਾ ਨਿਊਜ਼ ਡੈਸਕ : ਕੈਨੇਡਾ ਦੇ ਇਕ ਜੱਜ ਨੇ ਅਮਰੀਕਾ ਨਾਲ ਲੱਗਦੀ ਸਰਹੱਦ ‘ਤੇ ਸਥਿਤ ਅੰਬੈਸਡਰ ਬ੍ਰਿਜ ‘ਤੇ ਪੰਜ ਦਿਨਾਂ ਤੋਂ ਡਟੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ ਹੈ। ਵਿਰੋਧ ਪ੍ਰਦਰਸ਼ਨਾਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਮਾਲ ਦੀ ਆਵਾਜਾਈ 'ਚ ਵਿਘਨ ਪੈ ਰਿਹਾ ਹੈ ਤੇ ਦੋਵਾਂ ਪਾਸਿਆਂ ਦੇ ਆਟੋਮੋਬਾਈਲ ਉਦਯੋਗ ਨੂੰ ਉਤਪਾਦਨ 'ਚ ਕਟੌਤੀ ਕਰਨ ਲਈ ਮਜਬੂਰ ਕੀਤਾ ਹੈ।

ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਕੋਵਿਡ-19 ਪਾਬੰਦੀਆਂ ਦਾ ਵਿਰੋਧ ਕਰਨ ਵਾਲੇ ਟਰੱਕਾਂ ਤੇ ਹੋਰ ਵਾਹਨਾਂ ਨੂੰ ਪਾਰਕ ਕਰਨ ਵਾਲੇ ਲੋਕਾਂ ਨੂੰ ਹਟਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀ ਕਦੋਂ ਸਰਹੱਦ 'ਤੇ ਭੇਜੇ ਜਾਣਗੇ। ਓਨਟਾਰੀਓ ਸੁਪੀਰੀਅਰ ਕੋਰਟ ਦੇ ਚੀਫ਼ ਜਸਟਿਸ ਜੈਫਰੀ ਮੋਰਾਵੇਟਜ਼ ਨੇ ਡਿਜੀਟਲ ਸੁਣਵਾਈ ਦੌਰਾਨ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਵਾਲੀ ਥਾਂ ਛੱਡਣ ਦਾ ਸਮਾਂ ਦੇਣ ਲਈ ਅਦਾਲਤ ਦਾ ਹੁਕਮ ਸਥਾਨਕ ਸਮੇਂ ਦੇ ਅਨੁਸਾਰ ਸ਼ਾਮ 7 ਵਜੇ ਤੋਂ ਲਾਗੂ ਹੋਵੇਗਾ।

ਵਿੰਡਸਰ ਪੁਲਸ ਨੇ ਤੁਰੰਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਸੜਕਾਂ ਨੂੰ ਰੋਕਣ ਵਾਲੇ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਗੱਡੀ ਜ਼ਬਤ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਪਿਕਅੱਪ ਟਰੱਕ ਡਰਾਈਵਰਾਂ ਨੇ ਸੋਮਵਾਰ ਤੋਂ ਵਿੰਡਸਰ ਨੂੰ ਡੇਟ੍ਰੋਇਟ ਨਾਲ ਜੋੜਨ ਵਾਲੇ ਪੁਲ ਨੂੰ ਬੰਦ ਕਰ ਦਿੱਤਾ ਹੈ।